ਵਾਸ਼ਿੰਗਟਨ, 2 ਅਕਤੂਬਰ 2022 – ਅਮਰੀਕਾ ਦੇ ਇਕ ਸੈਨੇਟਰ ਨੇ 1984 ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਆਧੁਨਿਕ ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਸਾਲਾਂ ਵਿਚੋਂ ਇਕ ਦੱਸਿਆ ਹੈ। ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਹੋਏ ਸਿੱਖਾਂ ‘ਤੇ ਕੀਤੇ ਅੱਤਿਆਚਾਰਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ ਤਾਂ ਜੋ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ।
ਸੈਨੇਟਰ ਪੈਟ ਟੂਮੀ ਨੇ ਸੈਨੇਟ ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ 1984 ਆਧੁਨਿਕ ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਸਾਲਾਂ ਵਿਚੋਂ ਇਕ ਹੈ। ਦੁਨੀਆ ਨੇ ਦੇਖਿਆ ਕਿ ਭਾਰਤ ਵਿਚ ਜਾਤੀ ਸਮੂਹਾਂ ਵਿਚਕਾਰ ਕਈ ਹਿੰਸਕ ਘਟਨਾਵਾਂ ਹੋਈਆਂ, ਜਿਨ੍ਹਾਂ ਵਿਚੋਂ ਕਈਆਂ ਘਟਨਾਵਾਂ ਵਿਚ ਖਾਸ ਤੌਰ ‘ਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇੱਥੇ ਉਸ ਤ੍ਰਾਸਦੀ ਨੂੰ ਯਾਦ ਕਰ ਰਹੇ ਹਾਂ ਜੋ ਭਾਰਤ ਵਿਚ ਪੰਜਾਬ ਸੂਬੇ ਅਤੇ ਕੇਂਦਰ ਸਰਕਾਰ ਵਿਚ ਸਿੱਖਾਂ ਵਿਚਕਾਰ ਦਹਾਕਿਆਂ ਦੇ ਜਾਤੀ ਤਣਾਅ ਤੋਂ ਬਾਅਦ ਪਹਿਲੀ ਨਵੰਬਰ 1984 ਨੂੰ ਹੋਈ ਸੀ।
ਪੇਨਸਿਲਵੇਨੀਆ ਦੇ ਸੈਨੇਟਰ ਨੇ ਕਿਹਾ ਕਿ ਅਕਸਰ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਅਧਿਕਾਰਤ ਅਨੁਮਾਨ ਪੂਰੀ ਕਹਾਣੀ ਨਹੀਂ ਦੱਸਦੇ ਪਰ ਅਨੁਮਾਨ ਹੈ ਕਿ ਪੂਰੇ ਭਾਰਤ ਵਿਚ 30,000 ਤੋਂ ਵੱਧ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਭੀੜ ਨੇ ਜਾਣਬੁਝ ਕੇ ਨਿਸ਼ਾਨਾ ਬਣਾਇਆ, ਜਬਰ ਜਨਾਹ ਕੀਤਾ, ਹੱਤਿਆ ਕੀਤੀ ਅਤੇ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਭਵਿੱਖ ਵਿਚ ਮਨੁੱਖੀ ਅਧਿਕਾਰਾਂ ਨੂੰ ਨੁਕਸਾਨ ਤੋਂ ਬਚਾਉਣ ਲਈ, ਸਾਨੂੰ ਉਨ੍ਹਾਂ ਦੇ ਪਿਛਲੇ ਰੂਪਾਂ ਨੂੰ ਪਹਿਚਾਣਨਾ ਹੋਵੇਗਾ ਤਾਂ ਜੋ ਦੁਨੀਆ ਭਰ ਵਿਚ ਸਿੱਖ ਭਾਈਚਾਰੇ ਅਤੇ ਹੋਰ ਭਾਈਚਾਰਿਆਂ ਖ਼ਿਲਾਫ਼ ਇਸ ਤਰ੍ਹਾਂ ਦੀ ਤ੍ਰਾਸਦੀ ਫਿਰ ਤੋਂ ਨਾ ਹੋਵੇ। ਉਨ੍ਹਾਂ ਨੇ ਸਿੱਖ ਭਾਈਚਾਰੇ ਦੀਆਂ ਕੋਰੋਨਾ ਕਾਲ ਵਿਚ ਕੀਤੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ।