ਚੰਡੀਗੜ੍ਹ, 4 ਅਕਤੂਬਰ 2022 – ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿੰਡ ਡੱਬ ਖੇੜੀ ਦੇ ਗੋਤਾਖੋਰ ਸਮਾਜਸੇਵੀ ਪ੍ਰਗਟ ਸਿੰਘ ਤੋਂ ਦਵਿੰਦਰ ਬੰਬੀਹਾ ਗਰੁੱਪ ਦੇ ਨਾਂ ‘ਤੇ 5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਸਬੰਧੀ ਪ੍ਰਗਟ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਦੱਸ ਦੇਈਏ ਕਿ ਪ੍ਰਗਟ ਸਿੰਘ ਹੁਣ ਤੱਕ ਨਹਿਰਾਂ, ਛੱਪੜਾਂ ਆਦਿ ਵਿੱਚੋਂ 15 ਹਜ਼ਾਰ ਲਾਸ਼ਾਂ ਕੱਢ ਚੁੱਕੇ ਹਨ ਅਤੇ ਕਰੀਬ 3 ਹਜ਼ਾਰ ਲੋਕਾਂ ਦੀਆਂ ਜਾਨਾਂ ਬਚਾ ਚੁੱਕੇ ਹਨ।
ਗੋਤਾਖੋਰ ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਟਸਐਪ ਨੰਬਰ ਤੋਂ ਸੁਨੇਹਾ ਮਿਲਿਆ ਹੈ। ਜਿਸ ਵਿੱਚ ਪੰਜ ਲੱਖ ਰੁਪਏ ਦੇਣ ਦੀ ਗੱਲ ਕਹੀ ਗਈ ਸੀ। ਇਸ ਤੋਂ ਬਾਅਦ ਫੇਸਬੁੱਕ ‘ਤੇ ਵੀ ਅਜਿਹਾ ਹੀ ਮੈਸੇਜ ਆਇਆ। ਇਸ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਦਵਿੰਦਰ ਬੰਬੀਹਾ ਗੈਂਗ ਦਾ ਗੈਂਗਸਟਰ ਦੱਸਿਆ ਅਤੇ ਪੰਜ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਜਿਸ ਵਟਸਐਪ ਨੰਬਰ ਤੋਂ ਉਸ ਨੂੰ ਧਮਕੀ ਮਿਲੀ ਹੈ, ਉਹ ਵਿਦੇਸ਼ੀ ਨੰਬਰ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੋਤਾਖੋਰ ਪ੍ਰਗਟ ਸਿੰਘ ਨੇ ਕਿਹਾ ਕਿ ਉਸਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ 5 ਲੱਖ ਰੁਪਏ ਦੀ ਫਿਰੌਤੀ ਨਾ ਦਿੱਤੀ ਗਈ ਤਾਂ ਇੱਕ ਮਹੀਨੇ ਦੇ ਅੰਦਰ ਉਸਨੂੰ ਗੋਲੀ ਮਾਰ ਦਿੱਤੀ ਜਾਵੇਗੀ। ਧਮਕੀ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਡਰਿਆ ਹੋਇਆ ਹੈ। ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਇਸੇ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਕੁਰੂਕਸ਼ੇਤਰ ਦੇ ਐੱਸਪੀ ਸੁਰਿੰਦਰ ਭੌਰੀਆ ਨੂੰ ਮਿਲੇ ਹਨ।
ਕੁਰੂਕਸ਼ੇਤਰ ਦੇ ਐਸਪੀ ਸੁਰਿੰਦਰ ਭੌਰੀਆ ਨੇ ਦੱਸਿਆ ਕਿ ਸਾਈਬਰ ਵਿਭਾਗ ਨੂੰ ਉਸ ਨੰਬਰ ਅਤੇ ਫੇਸਬੁੱਕ ਆਈਡੀ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਜਿਸ ਤੋਂ ਇਹ ਸੰਦੇਸ਼ ਆਏ ਹਨ। ਜਲਦੀ ਹੀ ਪਤਾ ਲੱਗ ਜਾਵੇਗਾ ਕਿ ਫਿਰੌਤੀ ਮੰਗਣ ਵਾਲਾ ਦਵਿੰਦਰ ਬੰਬੀਹਾ ਗਰੁੱਪ ਦਾ ਗੈਂਗਸਟਰ ਹੈ ਜਾਂ ਕੋਈ ਹੋਰ ਉਸ ਦੇ ਨਾਂ ‘ਤੇ ਫਿਰੌਤੀ ਮੰਗ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਮਾਜ ਸੇਵੀ ਪ੍ਰਗਟ ਸਿੰਘ 23 ਸਾਲਾਂ ਤੋਂ ਨਹਿਰਾਂ ਅਤੇ ਛੱਪੜਾਂ ਵਿੱਚ ਡੁੱਬੇ ਮਨੁੱਖਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਜਿਹੜੇ ਲੋਕ ਨਹਿਰ ‘ਚ ਡੁੱਬਣ ਕਾਰਨ ਮਰ ਜਾਂਦੇ ਹਨ, ਉਨ੍ਹਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਜਾ ਕੇ ਮੁਫਤ ‘ਚ ਬਾਹਰ ਕੱਢਣ ਦਾ ਕੰਮ ਕਰਦੇ ਹਨ। ਹੁਣ ਤੱਕ ਉਹ ਨਹਿਰਾਂ ਅਤੇ ਛੱਪੜਾਂ ਵਿੱਚੋਂ 15 ਹਜ਼ਾਰ ਤੋਂ ਵੱਧ ਲਾਸ਼ਾਂ ਕੱਢ ਚੁੱਕੇ ਹਨ। ਜਦਕਿ ਕਰੀਬ 3 ਹਜ਼ਾਰ ਲੋਕਾਂ ਨੂੰ ਪਾਣੀ ‘ਚ ਡੁੱਬਣ ਤੋਂ ਬਚਾਇਆ ਹੈ।