CU ਵੀਡੀਓ ਲੀਕ ਮਾਮਲਾ: ਰੰਕਜ ਦੀ ਜ਼ਮਾਨਤ ‘ਤੇ SIT ਅੱਜ ਅਦਾਲਤ ‘ਚ ਦੇਵੇਗੀ ਜਵਾਬ

ਚੰਡੀਗੜ੍ਹ, 4 ਅਕਤੂਬਰ 2022 – ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਘੜੂੰਆਂ ਵਿਖੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ (ਸੀ.ਯੂ.) ਵੀਡੀਓ ਕੇਸ ਮਾਮਲੇ ਦੇ ਦੋਸ਼ੀ ਸ਼ਿਮਲਾ ਨਿਵਾਸੀ ਰੰਕਜ ਵਰਮਾ ਦੀ ਰੈਗੂਲਰ ਜ਼ਮਾਨਤ ਅਰਜ਼ੀ ‘ਤੇ ਪੰਜਾਬ ਪੁਲਿਸ ਅੱਜ ਆਪਣਾ ਜਵਾਬ ਪੇਸ਼ ਕਰੇਗੀ। ਰੰਕਜ ਦੇ ਵਕੀਲ ਨੇ ਫਿਰ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ। ਮਾਮਲੇ ਵਿੱਚ ਨਵੇਂ ਤੱਥ ਆਉਣ ਤੋਂ ਬਾਅਦ ਪਹਿਲੀ ਅਰਜ਼ੀ ਵਾਪਸ ਲੈ ਕੇ ਨਵੇਂ ਤੱਥਾਂ ਨਾਲ ਦੂਜੀ ਅਰਜ਼ੀ ਦਾਇਰ ਕੀਤੀ ਗਈ ਹੈ।

ਅਰਜ਼ੀ ’ਤੇ ਸੁਣਵਾਈ ਕਰਦਿਆਂ ਖਰੜ ਅਦਾਲਤ ਨੇ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਸੀ। ਮਾਮਲੇ ਦੀ ਜਾਂਚ ਲਈ 3 ਮਹਿਲਾ ਅਧਿਕਾਰੀਆਂ ਦੀ SIT ਨੂੰ ਇਸ ਦਾ ਜਵਾਬ ਦੇਣਾ ਹੋਵੇਗਾ। ਇਸ ਦੇ ਨਾਲ ਹੀ ਰੰਕਜ ਦੇ ਵਕੀਲ ਦਾ ਸਾਫ ਕਹਿਣਾ ਹੈ ਕਿ ਉਹ ਬਾਕੀ ਦੋਸ਼ੀਆਂ ਨੂੰ ਨਹੀਂ ਜਾਣਦਾ ਅਤੇ ਉਸ ਦੀ ਫੋਟੋ ਨੂੰ ਸੋਸ਼ਲ ਮੀਡੀਆ ਤੋਂ ਚੁੱਕ ਕੇ ਗਲਤ ਇਸਤੇਮਾਲ ਕੀਤਾ ਗਿਆ ਹੈ। ਇਸ ਦਾ ਉਸ ਦੀ ਵੀਡੀਓ ਵਾਇਰਲ ਕਰਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਰੰਕਜ ਦਾ ਕਹਿਣਾ ਹੈ ਕਿ ਉਸ ਨੂੰ ਇਸ ਕੇਸ ਵਿੱਚ ਬਿਨਾਂ ਵਜ੍ਹਾ ਫਸਾਇਆ ਗਿਆ ਹੈ। ਦੱਸ ਦੇਈਏ ਕਿ 17 ਸਤੰਬਰ ਨੂੰ ਯੂਨੀਵਰਸਿਟੀ ਵਿੱਚ ਹੰਗਾਮਾ ਕਰਨ ਤੋਂ ਬਾਅਦ ਪੁਲਿਸ ਨੇ ਵਿਦਿਆਰਥਣ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਦੇ ਆਧਾਰ ‘ਤੇ ਸੰਨੀ ਮਹਿਤਾ ਅਤੇ ਰੰਕਜ ਵਰਮਾ ਨੂੰ ਸ਼ਿਮਲਾ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਹੋਰ ਜਾਂਚ ਕਰਦੇ ਹੋਏ 24 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ‘ਚ ਤਾਇਨਾਤ ਫੌਜੀ ਸੰਜੀਵ ਸਿੰਘ ਨੂੰ ਫੜਿਆ ਗਿਆ।

ਸੋਮਵਾਰ ਨੂੰ ਪੁਲੀਸ ਨੇ ਮੁਲਜ਼ਮ ਫੌਜੀ ਨੂੰ ਖਰੜ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਲਿਆ ਸੀ। ਹੁਣ ਉਸ ਨੂੰ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਸੋਮਵਾਰ ਨੂੰ ਰਿਮਾਂਡ ਦੌਰਾਨ ਪੁਲਸ ਸੰਜੀਵ ਨੂੰ ਜੰਮੂ ਸਥਿਤ ਉਸ ਦੇ ਘਰ ਲੈ ਗਈ, ਜਿੱਥੋਂ ਹਾਈ ਡਿਸਕ ਬਰਾਮਦ ਹੋਈ। ਸੂਤਰਾਂ ਮੁਤਾਬਕ ਹਾਰਡ ਡਿਸਕ ਨੂੰ ਫੋਰੈਂਸਿਕ ਲੈਬ ਨੂੰ ਭੇਜ ਦਿੱਤਾ ਗਿਆ ਹੈ। ਇਸ ਤੋਂ ਕਈ ਰਾਜ਼ ਖੁੱਲ੍ਹ ਕੇ ਸਾਹਮਣੇ ਆ ਸਕਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸੰਜੀਵ ਸਿੰਘ ਸ਼ਾਦੀਸ਼ੁਦਾ ਹੈ ਅਤੇ ਇਸ ਦੇ ਬਾਵਜੂਦ ਉਸ ਦੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਦੋਸਤੀ ਸੀ ਅਤੇ ਉਸ ਨੂੰ ਕਥਿਤ ਤੌਰ ‘ਤੇ ਬਲੈਕਮੇਲ ਕਰ ਰਿਹਾ ਸੀ। ਮੁਲਜ਼ਮ ਵਿਦਿਆਰਥਣ ਨੇ ਬਿਆਨਾਂ ਵਿੱਚ ਉਸ ਨੂੰ ਬਲੈਕਮੇਲ ਕਰਨ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਸੰਜੀਵ ਸਿੰਘ ਕੋਲੋਂ ਇਕ ਹੋਰ ਲੜਕੀ ਦੀ ਅਸ਼ਲੀਲ ਫੋਟੋ ਵੀ ਮਿਲੀ ਹੈ। ਪੁਲਸ ਨੇ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਧਿਆਨ ਯੋਗ ਹੈ ਕਿ ਇਹ ਘਟਨਾ 17 ਸਤੰਬਰ ਨੂੰ ਸਾਹਮਣੇ ਆਈ ਸੀ। ਘੜੂੰਆਂ ‘ਚ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਇਕ ਹੋਰ ਵਿਦਿਆਰਥਣ ‘ਤੇ ਇਲਜ਼ਾਮ ਲਗਾਇਆ ਸੀ ਕਿ ਉਸ ਦੇ ਨਹਾਉਂਦੇ ਸਮੇਂ ਦੀ ਵੀਡੀਓ ਬਣਾ ਕੇ ਸ਼ਿਮਲਾ ‘ਚ ਇਕ ਦੋਸਤ ਨੂੰ ਭੇਜ ਦਿੱਤੀ ਗਈ ਸੀ। ਇਸ ਸਬੰਧੀ ਯੂਨੀਵਰਸਿਟੀ ਵਿੱਚ ਭਾਰੀ ਰੋਸ ਪਾਇਆ ਗਿਆ। ਯੂਨੀਵਰਸਿਟੀ ਅਤੇ ਮੁਹਾਲੀ ਪੁਲੀਸ ਅਧਿਕਾਰੀਆਂ ਦੇ ਭਰੋਸੇ ਮਗਰੋਂ ਵਿਦਿਆਰਥੀ ਸ਼ਾਂਤ ਹੋਏ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਦੋਸ਼ੀ ਵਿਦਿਆਰਥਣ ਤੋਂ ਇਲਾਵਾ ਕਿਸੇ ਹੋਰ ਦੀ ਵੀਡੀਓ ਨਹੀਂ ਬਣੀ ਹੈ। ਫਿਲਹਾਲ ਮੁਲਜ਼ਮਾਂ ਦੇ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਪੁਲੀਸ ਅਨੁਸਾਰ ਮੁਲਜ਼ਮ ਫੌਜੀ ਰੰਕਜ ਦੀ ਡੀਪੀ ਵਟਸਐਪ ’ਤੇ ਪੋਸਟ ਕਰਕੇ ਮੁਲਜ਼ਮ ਲੜਕੀ ਨਾਲ ਗੱਲਬਾਤ ਕਰਦਾ ਸੀ। ਲੜਕੀ ਦੀ ਸ਼ਿਮਲਾ ਦੇ ਸੰਨੀ ਮਹਿਤਾ ਨਾਲ ਵੀ ਦੋਸਤੀ ਸੀ।

ਲੜਕੀ ਨੇ ਬਿਆਨਾਂ ਵਿੱਚ ਕਿਹਾ ਸੀ ਕਿ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਕਈ ਅਣਸੁਲਝੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀ ਕੋਲੋਂ 10.14 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਅਤੇ 1.50 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ

ਭਾਰਤ-ਪਾਕਿ ਸਰਹੱਦ ‘ਤੇ ਫੇਰ ਡਰੋਨ ਮੂਵਮੈਂਟ: BSF ਜਵਾਨਾਂ ਨੇ ਕੀਤੀ ਗੋਲੀਬਾਰੀ