ਲੁਧਿਆਣਾ, 5 ਅਕਤੂਬਰ 2022 – ਲੁਧਿਆਣਾ ਵਿੱਚ ਇੱਕ ਵਿਅਕਤੀ ਨੇ ਮੌਤ ਤੋਂ ਪਹਿਲਾਂ ਆਪਣੀ ਵੀਡੀਓ ਬਣਾਈ। ਮ੍ਰਿਤਕ ਨੇ ਮੌਤ ਦਾ ਜ਼ਿੰਮੇਵਾਰ ਆਪਣੀ ਪਤਨੀ ਅਤੇ ਸਹੁਰੇ ਨੂੰ ਦੱਸਿਆ। ਸੁਸਾਈਡ ਨੋਟ ‘ਚ ਲਿਖਿਆ ਹੈ ਕਿ ਉਸ ਦੀ 2 ਸਾਲ ਦੀ ਧੀ ਹੈ। ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਹੈ। ਉਸ ਨੂੰ ਆਪਣੀ ਧੀ ਨਾਲ ਉਸ ਦੀ ਪਤਨੀ ਅਤੇ ਸਹੁਰਿਆਂ ਵੱਲੋਂ ਮਿਲਣ ਨਹੀਂ ਦਿੱਤਾ ਜਾਂਦਾ। ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਮੌਤ ਨੂੰ ਗਲੇ ਲਗਾ ਲਿਆ।
ਘਟਨਾ ਜਮਾਲਪੁਰ ਦੇ ਭਾਮੀਆਂ ਦੀ ਹੈ। ਮ੍ਰਿਤਕ ਦਾ ਨਾਂ ਦੀਪਕ ਜੈਕਬ ਹੈ। ਦੀਪਕ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਹੈ। ਸੁਸਾਈਡ ਨੋਟ ‘ਚ ਉਸ ਨੇ ਸਾਫ ਤੌਰ ‘ਤੇ ਸਹੁਰੇ, ਪਤਨੀ ਅਤੇ ਪਤਨੀ ਦੇ ਦੋਸਤ ਦਾ ਨਾਂ ਲਿਖਿਆ ਹੈ।
ਦੀਪਕ ਨੇ ਲਿਖਿਆ ਹੈ ਕਿ ਪੁਲਸ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਨਾ ਕਿਹਾ ਜਾਵੇ, ਪਰ ਸਹੁਰੇ ਪਰਿਵਾਰ ‘ਤੇ ਸਖਤ ਕਾਰਵਾਈ ਕੀਤੀ ਜਾਵੇ। ਦੀਪਕ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਨੇ ਘਰ ‘ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਦੀਪਕ ਅਤੇ ਉਸ ਦੀ ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਪਤਨੀ ਧੀ ਸਮੇਤ ਘਰੋਂ ਚਲੀ ਗਈ। ਦੀਪਕ ਨੂੰ ਆਪਣੀ ਬੇਟੀ ਨਾਲ ਬਹੁਤ ਲਗਾਵ ਹੈ। ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਕਰੀਬ ਦੋ ਹਫ਼ਤੇ ਪਹਿਲਾਂ ਦੀਪਕ ਆਪਣੇ ਸਹੁਰੇ ਘਰ ਗਿਆ ਅਤੇ ਆਪਣੀ ਲੜਕੀ ਨੂੰ ਵਾਪਸ ਲੈ ਆਇਆ।
ਦੋ ਦਿਨ ਬਾਅਦ ਉਸ ਦੀ ਪਤਨੀ ਪੁਲਿਸ ਮੁਲਾਜ਼ਮਾਂ ਦੇ ਨਾਲ ਆਈ ਅਤੇ ਆਪਣੀ ਧੀ ਨੂੰ ਵਾਪਸ ਲੈ ਗਈ। ਪਤਨੀ ਅਤੇ ਸਹੁਰੇ ਪੱਖ ਤੋਂ ਪ੍ਰੇਸ਼ਾਨ ਹੋ ਕੇ ਦੀਪਕ ਨੇ ਫਾਹਾ ਲੈ ਲਿਆ।
ਜਦੋਂ ਦੀਪਕ ਸਵੇਰੇ ਕਮਰੇ ‘ਚੋਂ ਬਾਹਰ ਨਹੀਂ ਆਇਆ ਤਾਂ ਦੀਪਕ ਦੀ ਮਾਂ ਨੇ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਹੀਂ ਖੋਲ੍ਹਿਆ। ਗੁਆਂਢੀਆਂ ਨੂੰ ਬੁਲਾ ਕੇ ਦਰਵਾਜ਼ਾ ਤੋੜਨ ਲਈ ਕਿਹਾ। ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਦੀਪਕ ਦੀ ਲਾਸ਼ ਅੰਦਰ ਫਾਹੇ ਨਾਲ ਲਟਕ ਰਹੀ ਸੀ। ਲਾਸ਼ ਲਟਕਦੀ ਦੇਖ ਕੇ ਪਰਿਵਾਰ ਵਾਲਿਆਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾ ਦਿੱਤਾ ਹੈ।
ਥਾਣਾ ਜਮਾਲਪੁਰ ਦੇ ਐਸਐਚਓ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਦੀਪਕ ਦੇ ਪਿਤਾ ਦੇ ਬਿਆਨਾਂ ’ਤੇ ਪੁਲੀਸ ਨੇ ਉਸ ਦੀ ਪਤਨੀ, ਜੀਜਾ ਅਤੇ ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 306 (ਖੁਦਕੁਸ਼ੀ ਲਈ ਉਕਸਾਉਣ) ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।