ਚੰਡੀਗੜ੍ਹ, 5 ਅਕਤੂਬਰ 2022 – ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕ ਯੂਨੀਅਨ ਦੀਆਂ ਦੋ ਮਹਿਲਾ ਆਗੂ ਸੀ.ਪੀ. ਸ਼ਰਮਾ ਤੇ ਵੀਰਪਾਲ ਕੌਰ ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿਚ ਰੈਗੂਲਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸੋਹਾਣਾ ਪਿੰਡ ਦੀ ਪਾਣੀ ਦੀ ਟੈਂਕੀ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ, ਜਦ ਕਿ ਉਨ੍ਹਾਂ ਦੇ ਸਾਥੀ ਪਾਣੀ ਵਾਲੀ ਟੈਂਕੀ ਦੇ ਥੱਲੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਫਿਜ਼ੀਕਲ ਟਰੇਨਿੰਗ ਇੰਸਟ੍ਰਕਟਰ (ਪੀ.ਟੀ.ਆਈ.) ਯੂਨੀਅਨ ਦੇ ਪ੍ਰਦਰਸ਼ਨ ਨੂੰ ਅੱਜ ਇੱਕ ਸਾਲ ਪੂਰਾ ਕਰ ਲਿਆ ਹੈ। ਉਹ ਇੱਕ ਸਾਲ ਤੋਂ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਸੀ। ਪੀਟੀਆਈ ਦੀ ਸਿਖਲਾਈ ਲੈਣ ਵਾਲੀਆਂ ਦੋ ਔਰਤਾਂ ਅੱਜ ਪੈਟਰੋਲ ਨਾਲ ਭਰੀ ਬੋਤਲ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਈਆਂ। ਉਹ ਸਰਕਾਰੀ ਨੌਕਰੀ ਦੀ ਮੰਗ ਕਰ ਰਹੀਆਂ ਹਨ। ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ ਹੈ। ਉਨ੍ਹਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਿਜ਼ੀਕਲ ਟਰੇਨਿੰਗ ਲੈ ਚੁੱਕੇ ਸਿੱਪੀ ਸ਼ਰਮਾ ਦਾ ਕਹਿਣਾ ਹੈ ਕਿ ਪਿਛਲੀ ਪੰਜਾਬ ਸਰਕਾਰ ਵੱਲੋਂ ਸਾਨੂੰ ਨੌਕਰੀਆਂ ਦੀ ਗਰੰਟੀ ਦਿੱਤੀ ਗਈ ਸੀ, ਪਰ ਪਿਛਲੀ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ। ਉਸ ਸਮੇਂ ਆਮ ਆਦਮੀ ਪਾਰਟੀ ਨੇ ਨੌਕਰੀ ਦੇਣ ਦਾ ਭਰੋਸਾ ਦਿੱਤਾ ਸੀ, ਪਰ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਸੱਤ ਮਹੀਨੇ ਹੋਣ ਵਾਲੇ ਹਨ, ਪਰ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਹੋਇਆ।
ਚੰਨੀ ਦੀ ਸਰਕਾਰ ਵੇਲੇ ਜਦੋਂ ਉਹ ਅੰਦੋਲਨ ਕਰ ਰਹੇ ਸਨ ਤਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਇਹ ਵਾਅਦਾ ਮਿੱਠੀ ਗੋਲੀ ਸਾਬਤ ਹੋਇਆ। ਸਿੱਪੀ ਨੇ ਕਿਹਾ ਕਿ ਉਹ ਪਹਿਲਾਂ ਵੀ ਪੰਜਾਬ ‘ਚ ਪਾਣੀ ਦੀਆਂ ਟੈਂਕੀਆਂ ‘ਤੇ ਚੜ੍ਹ ਚੁੱਕੇ ਹਨ ਪਰ ਹਰ ਵਾਰ ਵਾਅਦੇ ਕਰਕੇ ਉਨ੍ਹਾਂ ਨੂੰ ਉਤਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਨ ਕਿ ਪੀਟੀਆਈ ਦੀ ਮੈਰਿਟ ਸੂਚੀ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ।