ਪਟਿਆਲਾ, 5 ਅਕਤੂਬਰ 2022 – ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਵਿੱਚ ਮਾਹੌਲ ਕਾਫੀ ਗਰਮ ਹੈ ਅਤੇ ਕੁਝ ਅਨਸਰ ਅੰਮ੍ਰਿਤਪਾਲ ਸਿੰਘ ਨੂੰ ਆਈ ਐਸ ਆਈ ਦਾ ਏਜੰਟ ਦੱਸ ਕੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਪਟਿਆਲਾ ਦੇ ਨਾਭਾ ਦੇ ਨਾਲ ਲੱਗਦੇ ਪਿੰਡ ਲੁਬਾਣਾ ਟੇਕੂ ਦੇ ਇੱਕ ਨੌਜਵਾਨ ਨੇ ਅੰਮ੍ਰਿਤਪਾਲ ਸਿੰਘ ਤੋਂ ਪ੍ਰੇਰਿਤ ਹੋ ਕੇ ਆਪਣਾ ਮੁਸਲਿਮ ਧਰਮ ਛੱਡ ਕੇ ਸਿੱਖ ਧਰਮ ਅਪਣਾ ਲਿਆ ਹੈ।
ਕਰਮਜੀਤ ਸਿੰਘ ਨਾਂ ਦਾ ਇਹ ਨੌਜਵਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਛਕ ਕੇ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਕਰਮਜੀਤ ਸਿੰਘ ਦੀ ਪਤਨੀ ਅੱਜ ਵੀ ਆਪਣੇ ਧਰਮ ਅਨੁਸਾਰ ਨਮਾਜ਼ ਅਦਾ ਕਰਦੀ ਹੈ ਅਤੇ ਇਹ ਵਿਅਕਤੀ ਆਪਣੀ ਪਤਨੀ ਨਾਲ ਬੈਠ ਕੇ ਗੁਟਕਾ ਸਾਹਿਬ ‘ਤੇ ਗੁਰਬਾਣੀ ਦਾ ਪਾਠ ਕਰਦਾ ਹੈ।
ਪਿੰਡ ਦੀਆਂ ਸਿੱਖ ਜਥੇਬੰਦੀਆਂ ਨੇ ਸਿੱਖੀ ਨਾਲ ਜੁੜੇ ਇਸ ਨੌਜਵਾਨ ਦਾ ਸਨਮਾਨ ਵੀ ਕੀਤਾ। ਇਸ ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬਹੁਤ ਸ਼ਰਾਬ ਪੀਂਦਾ ਸੀ ਅਤੇ ਹੁਣ ਅੰਮ੍ਰਿਤਪਾਲ ਸਿੰਘ ਦੀ ਸਿੱਖੀ ਪ੍ਰੇਰਨਾ ਤੋਂ ਪ੍ਰੇਰਿਤ ਹੋ ਕੇ ਮੁਸਲਿਮ ਧਰਮ ਛੱਡ ਕੇ ਸਿੱਖ ਧਰਮ ਅਪਣਾ ਲਿਆ ਹੈ।
ਇਸ ਦੇ ਨਾਲ ਹੀ ਪਿੰਡ ਦੇ ਪਤਵੰਤੇ ਸੱਜਣਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਇੱਕ ਹੋਰ ਵਿਅਕਤੀ ਸਿੱਖ ਧਰਮ ਵਿੱਚ ਸ਼ਾਮਲ ਹੋਇਆ ਹੈ ਅਤੇ ਉਹਨਾਂ ਦੇ ਪਿੰਡ ਵਿੱਚ ਕਿਸੇ ਵੀ ਜਾਤ ਜਾਂ ਧਰਮ ਦਾ ਭੇਦਭਾਵ ਨਹੀਂ ਹੈ ਅਤੇ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਇਸ ਨੌਜਵਾਨ ਨੇ ਸਿੱਖ ਧਰਮ ਨੂੰ ਅਪਣਾਇਆ ਹੈ|