ਨਵੀਂ ਦਿੱਲੀ, 6 ਅਕਤੂਬਰ 2022 – ਅਮਰੀਕਾ ਦੇ ਨਾਲ ਲੱਗਦੇ ਮੈਕਸੀਕੋ ਵਿੱਚ ਬੰਦੂਕਧਾਰੀਆਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ‘ਚ 18 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ ਮੇਅਰ ਅਤੇ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ। ਗੋਲੀਬਾਰੀ ਦੀ ਇਹ ਘਟਨਾ ਸੈਨ ਮਿਗੁਏਲ ਦੇ ਤੋਲਾਪਨ ਦੀ ਦੱਸੀ ਜਾ ਰਹੀ ਹੈ।
ਬੀਬੀਸੀ ਨੇ ਕਿਹਾ ਕਿ ਬੰਦੂਕਧਾਰੀਆਂ ਨੇ ਹਮਲੇ ਵਿੱਚ ਘੱਟੋ-ਘੱਟ 18 ਲੋਕਾਂ ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ 2 ਵਜੇ ਦੇ ਕਰੀਬ ਬੰਦੂਕਧਾਰੀਆਂ ਨੇ ਸਿਟੀ ਹਾਲ ‘ਤੇ ਗੋਲੀਆਂ ਚਲਾ ਦਿੱਤੀਆਂ।
ਇਸ ਹਮਲੇ ਵਿੱਚ ਮੇਅਰ ਕੋਨਰਾਡੋ ਮੇਂਡੋਜ਼ਾ ਅਲਮੇਡਾ ਵੀ ਮਾਰਿਆ ਗਿਆ ਸੀ। ਉਨ੍ਹਾਂ ਦੀ ਪਾਰਟੀ ਪੀਆਰਡੀ ਨੇ ਇਸ ਕਾਇਰਾਨਾ ਕਤਲ ਦੀ ਨਿਖੇਧੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਪੀਆਰਡੀ ਨੇ ਹਮਲੇ ਲਈ ਲਾਸ ਟੇਕੀਲੇਰੋਸ ਕ੍ਰਿਮੀਨਲ ਗੈਂਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮੇਅਰ ਮੇਂਡੋਜ਼ਾ ਅਲਮੇਡਾ ਦੇ ਪਿਤਾ, ਸਾਬਕਾ ਮੇਅਰ ਜੁਆਨ ਮੇਂਡੋਜ਼ਾ ਨੂੰ ਸਿਟੀ ਹਾਲ ‘ਤੇ ਹਮਲੇ ਤੋਂ ਪਹਿਲਾਂ ਉਨ੍ਹਾਂ ਦੇ ਘਰ ‘ਤੇ ਕਤਲ ਕਰ ਦਿੱਤਾ ਗਿਆ ਸੀ। ਸਥਾਨਕ ਮੀਡੀਆ ਦੁਆਰਾ ਇੱਕ ਸ਼ੁਰੂਆਤੀ ਰਿਪੋਰਟ ਵਿੱਚ, ਗੁਆਰੇਰੋ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਹਮਲੇ ਵਿੱਚ 18 ਲੋਕ ਮਾਰੇ ਗਏ ਅਤੇ ਤਿੰਨ ਜ਼ਖਮੀ ਹੋ ਗਏ। ਰਾਸ਼ਟਰੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਬੰਦੂਕਧਾਰੀਆਂ ਦਾ ਪਤਾ ਲਗਾਉਣ ਲਈ ਖੇਤਰ ਵਿਚ ਫੌਜ ਅਤੇ ਜਲ ਸੈਨਾ ਦੀਆਂ ਇਕਾਈਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ।