ਮੋਹਾਲੀ, 7 ਅਕਤੂਬਰ 2022 – ਮੋਹਾਲੀ ਜ਼ਿਲ੍ਹੇ ਦੇ ਸੈਕਟਰ-77 ਐਸਏਐਸ ਨਗਰ ਸਥਿਤ ਪੰਜਾਬ ਪੁਲੀਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਰਾਕੇਟ ਫਾਇਰ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਨਾਬਾਲਗ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਤੋਂ ਗ੍ਰਿਫਤਾਰ ਕੀਤਾ ਸੀ।
ਮੁਲਜ਼ਮ ਦੇ ਅੱਤਵਾਦੀਆਂ ਲਈ ਮਦਦਗਾਰ ਹੋਣ ਦੀ ਗੱਲ ਸਾਹਮਣੇ ਆਈ ਹੈ। ਫਿਲਹਾਲ ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਨੈੱਟਵਰਕ ਸਮੇਤ ਅੱਤਵਾਦੀਆਂ ਨਾਲ ਸਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ 9 ਮਈ ਦੀ ਰਾਤ ਕਰੀਬ 8.45 ਵਜੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਸੀ। ਜ਼ੋਰਦਾਰ ਧਮਾਕਾ ਹੋਣ ‘ਤੇ ਹੈੱਡਕੁਆਰਟਰ ‘ਚ ਹੜਕੰਪ ਮਚ ਗਿਆ। ਇਸ ਨਾਲ ਹੈੱਡਕੁਆਰਟਰ ਦੀ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੀਸੀਆਰ ਪੁਲੀਸ ਸਮੇਤ ਸਥਾਨਕ ਪੁਲੀਸ ਸਟੇਸ਼ਨ ਅਤੇ ਪੰਜਾਬ ਪੁਲੀਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਘਟਨਾ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਸੀ।
ਘਟਨਾ ਤੋਂ ਬਾਅਦ ਜਦੋਂ ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਫੁਟੇਜ ਦੀ ਜਾਂਚ ਕੀਤੀ ਤਾਂ ਇੱਕ ਕਾਰ ਹੈੱਡਕੁਆਰਟਰ ਦੇ ਕੋਲੋਂ ਲੰਘਦੀ ਦਿਖਾਈ ਦਿੱਤੀ। ਇਸੇ ਕਾਰ ‘ਚ ਕੁਝ ਨੌਜਵਾਨਾਂ ਨੇ ਹੈੱਡਕੁਆਰਟਰ ‘ਤੇ ਲਾਂਚਰ ਤੋਂ ਰਾਕੇਟ ਦਾਗਿਆ ਸੀ।