ਚੰਡੀਗੜ੍ਹ, 8 ਅਕਤੂਬਰ 2022 – ਪੰਜਾਬ ਦੀ ਅਦਾਕਾਰਾ ਅਤੇ ਬਿੱਗ ਬੌਸ ਸੀਜ਼ਨ 13 ਦੀ ਫਾਈਨਲਿਸਟ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਅਣਪਛਾਤੇ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸ਼ਹਿਨਾਜ਼ ਦੇ ਪਿਤਾ ਸੰਤੋਖ ਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਸਾਲ ਵੀ ਉਸ ‘ਤੇ ਗੋਲੀਬਾਰੀ ਕੀਤੀ ਗਈ ਸੀ ਪਰ ਉਹ ਕਿਸੇ ਤਰ੍ਹਾਂ ਬਚ ਗਿਆ ਸੀ।
ਇਸ ਵਾਰ ਫੋਨ ਕਰਨ ਵਾਲੇ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਦੀਵਾਲੀ ਤੋਂ ਪਹਿਲਾਂ ਉਸ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਸ਼ਹਿਨਾਜ਼ ਦੇ ਪਿਤਾ ਨੇ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਦੋਂ ਪਹਿਲੀ ਵਾਰ ਗੋਲੀਬਾਰੀ ਹੋਈ ਸੀ ਤਾਂ ਜੰਡਿਆਲਾ ਗੁਰੂ ਇਲਾਕੇ ਵਿੱਚ ਦੋ ਬਾਈਕ ਸਵਾਰ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪਰ ਉਸ ਸਮੇਂ ਉਹ ਵਾਲ-ਵਾਲ ਬਚ ਗਏ ਸਨ।
ਸੰਤੋਖ ਗਿੱਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਕਿਸੇ ਕੰਮ ਦੇ ਸਿਲਸਿਲੇ ‘ਚ ਆਪਣੀ ਕਾਰ ‘ਚ ਤਰਨਤਾਰਨ ਵੱਲ ਜਾ ਰਿਹਾ ਸੀ। ਇਸੇ ਦੌਰਾਨ ਉਸ ਦੇ ਮੋਬਾਈਲ ‘ਤੇ ਅਣਪਛਾਤੇ ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਦੀਵਾਲੀ ਤੋਂ ਪਹਿਲਾਂ ਉਸ ਨੂੰ ਮਾਰ ਦੇਵੇਗਾ। ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਉਹ ਉਨ੍ਹਾਂ ਨੂੰ ਗੋਲੀਆਂ ਨਾਲ ਨਹੀਂ ਬਲਕਿ ਉਨ੍ਹਾਂ ਦੇ ਟੁਕੜੇ-ਟੁਕੜੇ ਕਰਕੇ ਮਾਰ ਦੇਵੇਗਾ।
ਇਸ ਮਾਮਲੇ ਵਿੱਚ ਐਸਐਸਪੀ ਦੇਹਤ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਬੂਤਾਂ ਦੇ ਆਧਾਰ ‘ਤੇ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਪਿਛਲੇ ਸਾਲ ਸੰਤੋਖ ਗਿੱਲ ‘ਤੇ ਹੋਈ ਗੋਲੀਬਾਰੀ ਦੇ ਦੋਸ਼ੀ ਅੱਜ ਤੱਕ ਫੜੇ ਨਹੀਂ ਗਏ। ਪੁਲੀਸ ਨੇ ਉਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਸੀ ਪਰ ਬਦਮਾਸ਼ਾਂ ਦਾ ਕਿਤੇ ਵੀ ਪਤਾ ਨਹੀਂ ਲੱਗ ਸਕਿਆ। ਸੰਤੋਖ ਗਿੱਲ 2021 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਹ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਵੀ ਲੜ ਚੁੱਕੇ ਹਨ।