ਬਠਿੰਡਾ, 8 ਅਕਤੂਬਰ 2022 – ਇਥੇ ਚਿੱਟਾ ਮਿਲਦਾ ਹੈ…. ਮੌੜ ਮੰਡੀ ਦੇ ਪਿੰਡ ਭਾਈ ਬਖਤੌਰ ਅਤੇ ਪਿੰਡ ਜੋਧਪੁਰਾ ਰਮਾਣਾ ਵਿੱਚ ਸ਼ਰੇਆਮ ਵੇਚੇ ਜਾ ਰਹੇ ਚਿੱਟੇ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕਰਨ ਲਈ ਬੀਤੇ ਦਿਨ ਇੱਕ ਨੌਜਵਾਨ ਨੇ ਇਹ ਬੋਰਡ ਲਾਏ ਸਨ। ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੀਂਦ ਤੋਂ ਜਾਗੀ ਹੈ। ਬਠਿੰਡਾ ਪੁਲੀਸ ਨੇ ਸ਼ਨੀਵਾਰ ਤੜਕੇ ਦੋਵਾਂ ਪਿੰਡਾਂ ਵਿੱਚ ਛਾਪੇਮਾਰੀ ਕੀਤੀ।
ਐਸਐਸਪੀ ਜੇ ਇਲਾਨਚੇਜੀਅਨ ਦੇ ਹੁਕਮਾਂ ’ਤੇ ਡੀਐਸਪੀ ਮੌੜ ਦੀ ਅਗਵਾਈ ਵਿੱਚ ਪੁਲੀਸ ਟੀਮਾਂ ਨੇ ਪਿੰਡ ਵਿੱਚ ਘਰ-ਘਰ ਚੈਕਿੰਗ ਕੀਤੀ। ਕਰੀਬ ਤਿੰਨ ਤੋਂ ਚਾਰ ਘੰਟੇ ਤੱਕ ਚੱਲੇ ਇਸ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ।
ਹਾਲਾਂਕਿ ਕਿੰਨਾ ਨਸ਼ਾ ਬਰਾਮਦ ਹੋਇਆ ਅਤੇ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਪੁਲਸ ਨੇ ਅਜੇ ਤੱਕ ਇਸ ਦਾ ਖੁਲਾਸਾ ਨਹੀਂ ਕੀਤਾ ਹੈ।
ਪਿੰਡ ਦੇ ਨੌਜਵਾਨ ਲਖਬੀਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਨਸ਼ੇ ਦੀ ਖੁੱਲ੍ਹੀ ਸਪਲਾਈ ਹੁੰਦੀ ਹੈ। ਇੱਥੇ 13 ਤੋਂ 15 ਸਾਲ ਦੇ ਛੋਟੇ ਬੱਚੇ ਚਿੱਟੇ ਦ ਨਸ਼ਾ ਕਰ ਰਹੇ ਹਨ। ਅਜਿਹੀ ਸਥਿਤੀ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਇਸ ਸਬੰਧੀ ਮੀਟਿੰਗ ਕਰਕੇ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਸਕੇ ਕਿ ਪੰਜਾਬ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਨੌਜਵਾਨ ਚੋਰੀ, ਡਕੈਤੀ ਵਰਗੇ ਅਪਰਾਧ ਕਰ ਰਹੇ ਹਨ।
ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਪਿੰਡ ਵਿੱਚ ਥਾਂ-ਥਾਂ ਚਿੱਟੇ ਦਾ ਨਸ਼ਾ ਵਿਕ ਰਿਹਾ ਹੈ। ਨੌਜਵਾਨ ਨਸ਼ੇ ਦੀ ਪੂਰਤੀ ਲਈ ਦੁਕਾਨਾਂ ਅਤੇ ਘਰਾਂ ਵਿੱਚ ਵੜ ਕੇ ਦਿਨ ਦਿਹਾੜੇ ਚੋਰੀਆਂ ਕਰ ਰਹੇ ਹਨ। ਰਸਤੇ ਵਿੱਚ ਆਉਣ ਵਾਲਿਆਂ ਨੂੰ ਲੁੱਟਿਆ ਜਾ ਰਿਹਾ ਹੈ।
ਲਖਬੀਰ ਨੇ ਕਿਹਾ ਕਿ ਨਸ਼ਾ ਤਸਕਰ ਸ਼ਰੇਆਮ ਸਪਲਾਈ ਦਿੰਦੇ ਹਨ। ਇਸ ਦੇ ਨਾਲ ਹੀ ਵਿਰੋਧ ਕਰਨ ਵਾਲਿਆਂ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਵੇਲੇ ਜੋਧਪੁਰ, ਕੋਟਭਾਰਾ, ਮੌੜ ਮੰਡੀ ਵਿੱਚ ਚਿੱਟੇ ਦਾ ਨਸ਼ਾ ਸ਼ਰੇਆਮ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਦੁਕਾਨਾਂ ‘ਤੇ ਸਰਿੰਜਾਂ ਵੀ ਮਿਲਦੀਆਂ ਹਨ।
ਪਿੰਡ ਦੇ ਲੋਕ ਵਿਰੋਧ ਕਰਨ ਦੀ ਗੱਲ ਤਾਂ ਕਰ ਰਹੇ ਹਨ ਪਰ ਉਹ ਨਵੇਂ ਤਰੀਕੇ ਨਾਲ ਇਸ ਨਸ਼ੇ ਖਿਲਾਫ ਮੁਹਿੰਮ ਚਲਾ ਰਹੇ ਹਨ। ਇਸ ਸਬੰਧੀ ਪਿੰਡ ਬਖਤੌਰ ਦੇ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਜਿੱਥੇ ਨਸ਼ਾ ਵੇਚਿਆ ਜਾ ਰਿਹਾ ਹੈ, ਉੱਥੇ ਉਹ ਬੋਰਡ ਲਗਾ ਰਹੇ ਹਨ ਤਾਂ ਜੋ ਸੁੱਤੀ ਪਈ ਸਰਕਾਰ ਜਾਗ ਕੇ ਇਸ ਵਿਰੁੱਧ ਕੋਈ ਸਾਰਥਕ ਕਦਮ ਚੁੱਕੇ।