ਲੁਧਿਆਣਾ, 9 ਅਕਤੂਬਰ 2022 – ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸ਼ੇਰਪੁਰ ਖੁਰਦ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ 9 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਬੱਚਾ 3 ਭੈਣਾਂ ਦਾ ਇਕਲੌਤਾ ਭਰਾ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੀਆਂ ਭੈਣਾਂ ਅਤੇ ਦੋਸਤਾਂ ਨਾਲ ਖੇਡ ਰਿਹਾ ਸੀ। ਉਸਦੀ ਮਾਂ ਕੰਮ ‘ਤੇ ਗਈ ਹੋਈ ਸੀ। ਖੇਡਦੇ ਹੋਏ ਉਹ ਫਰਿੱਜ ਦੇ ਪਿੱਛੇ ਜਾ ਕੇ ਲੁਕ ਗਿਆ, ਜਿੱਥੋਂ ਉਸ ਨੂੰ ਕਰੰਟ ਲੱਗ ਗਿਆ।
ਭਰਾ ਨੂੰ ਡਿੱਗਦਾ ਦੇਖ ਕੇ ਉਸ ਦੀਆਂ ਭੈਣਾਂ ਨੇ ਤੁਰੰਤ ਲੋਕਾਂ ਨੂੰ ਸੂਚਿਤ ਕੀਤਾ। ਲੋਕ ਬੱਚੇ ਨੂੰ ਨਿੱਜੀ ਹਸਪਤਾਲ ਲੈ ਗਏ ਅਤੇ ਬੱਚੇ ਦੀ ਮਾਂ ਨੂੰ ਸੂਚਿਤ ਕੀਤਾ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਗਈ। ਮਰਨ ਵਾਲੇ ਬੱਚੇ ਦੀ ਪਛਾਣ ਗੁਰਨੂਰ ਵਜੋਂ ਹੋਈ ਹੈ। ਬੱਚੇ ਦੀ ਮੌਤ ਤੋਂ ਬਾਅਦ ਇਲਾਕੇ ‘ਚ ਸੋਗ ਦਾ ਮਾਹੌਲ ਹੈ।
ਲੋਕਾਂ ਅਨੁਸਾਰ ਪਰਿਵਾਰ ਬਹੁਤ ਗਰੀਬ ਹੈ। ਗੁਰਨੂਰ ਦੀ ਮਾਤਾ ਮਨਦੀਪ ਕੌਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਜਦੋਂ ਹਾਦਸਾ ਵਾਪਰਿਆ ਤਾਂ ਉਹ ਘਰ ‘ਚ ਮੌਜੂਦ ਨਹੀਂ ਸੀ। ਪੁੱਤਰ ਲਾਸ਼ ਦੇਖ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੂਜੇ ਪਾਸੇ ਗੁਰਨੂਰ ਦੀਆਂ ਭੈਣਾਂ ਦੀ ਹਾਲਤ ਵੀ ਖਰਾਬ ਹੈ।
ਗੁਰਨੂਰ ਦੀ ਮਾਂ ਮਨਦੀਪ ਨੇ ਦੱਸਿਆ ਕਿ ਉਸ ਨੇ ਕਈ ਥਾਵਾਂ ’ਤੇ ਰੱਬ ਕੋਲੋਂ ਸੁੱਖਣਾ ਮੰਗੀ। ਕਈ ਸੁੱਖਣਾ ਸੁੱਖਣ ਤੋਂ ਬਾਅਦ ਰੱਬ ਨੇ ਉਸ ਨੂੰ ਪੁੱਤਰ ਦੇ ਦਿੱਤਾ ਪਰ ਉਸ ਨੂੰ ਕੀ ਪਤਾ ਸੀ ਕਿ ਰੱਬ ਨੇ ਪੁੱਤਰ ਦੀ ਉਮਰ ਇੰਨੀ ਘੱਟ ਦਿੱਤੀ ਹੈ। ਪਰਿਵਾਰ ਦਾ ਕੋਈ ਸਹਾਰਾ ਨਹੀਂ ਸੀ। ਘਰ ਦਾ ਕੰਮ ਕਰਨ ਤੋਂ ਬਾਅਦ ਮੈਂ ਸਿਰਫ਼ 4 ਤੋਂ 5 ਹਜ਼ਾਰ ਰੁਪਏ ਹੀ ਕਮਾਉਂਦੀ ਹੈ ਅਤੇ ਉਸ ਨਾਲ ਹੀ ਰੋਜ਼ੀ-ਰੋਟੀ ਚਲਦੀ ਹੈ।
ਮਨਦੀਪ ਕੌਰ ਨੇ ਦੱਸਿਆ ਕਿ ਪਰਿਵਾਰ ਦੀ ਹਾਲਤ ਇਹ ਹੈ ਕਿ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ। ਪਤੀ ਦੀ ਕੁਝ ਮਹੀਨੇ ਪਹਿਲਾਂ ਲੀਵਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਤਿੰਨ ਧੀਆਂ ਹਨ, ਜਿਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਗਰੀਬ ਪਰਿਵਾਰ ਹੋਣ ਦੇ ਬਾਵਜੂਦ ਸਰਕਾਰ ਨੇ ਉਸ ਦੀ ਪੈਨਸ਼ਨ ਵੀ ਬੰਦ ਕਰ ਦਿੱਤੀ। ਹੁਣ ਇਲਾਕੇ ਦੇ ਲੋਕ ਹੀ ਉਸ ਦੀ ਆਰਥਿਕ ਮਦਦ ਕਰਦੇ ਹਨ।