ਉੱਤਰ ਪ੍ਰਦੇਸ਼, 11 ਅਕਤੂਬਰ 2022 – ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਸੈਫ਼ਈ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਵੇਰੇ 10 ਵਜੇ ਤੋਂ ਅੰਤਿਮ ਦਰਸ਼ਨਾਂ ਲਈ ਸੈਫਈ ਮੇਲਾ ਗਰਾਊਂਡ ਦੇ ਪੰਡਾਲ ਵਿੱਚ ਰੱਖਿਆ ਜਾਵੇਗਾ। ਬਾਅਦ ਦੁਪਹਿਰ ਕਰੀਬ 3 ਵਜੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਪ੍ਰਸ਼ਾਸਨ ਅਤੇ ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਨੇ ਵੀ ਸੈਫਈ ‘ਚ ਇਸ ਲਈ ਪੂਰੀ ਤਿਆਰੀ ਕਰ ਲਈ ਹੈ। ਮੁਲਾਇਮ ਸਿੰਘ ਯਾਦਵ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਸੀ। 82 ਸਾਲ ਦੀ ਉਮਰ ‘ਚ ਉਨ੍ਹਾਂ ਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਆਪਣੇ ਆਖਰੀ ਸਾਹ ਲਏ। 82 ਸਾਲਾ ਮੁਲਾਇਮ ਸਿੰਘ ਲਗਭਗ ਦੋ ਸਾਲਾਂ ਤੋਂ ਬਲੱਡ ਪ੍ਰੈਸ਼ਰ ਅਤੇ ਯੂਰਿਨ ਇਨਫੈਕਸ਼ਨ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਸਨ। ਮੁਲਾਇਮ ਸਿੰਘ ਯਾਦਵ 2 ਸਾਲਾਂ ਤੋਂ ਬਿਮਾਰ ਸਨ।
ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਭਾਰਤ ਜੋੜੋ ਯਾਤਰਾ ਨੂੰ ਅੱਧ ਵਿਚਾਲੇ ਛੱਡ ਕੇ ਸੈਫਈ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਲੋਕ ਸਭਾ ਸਪੀਕਰ ਓਮ ਬਿਰਲਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਸੁਭਾਸਪ ਦੇ ਕੌਮੀ ਪ੍ਰਧਾਨ ਓਮਪ੍ਰਕਾਸ਼ ਰਾਜਭਰ, ਜੇਡੀਯੂ ਆਗੂ ਕੇਸੀ ਤਿਆਗੀ ਅਤੇ ਯੂਪੀ ਕਾਂਗਰਸ ਦੇ ਪ੍ਰਧਾਨ ਬ੍ਰਿਜਲਾਲ ਖ਼ਬਰੀ ਵੀ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ 12 ਅਕਤੂਬਰ ਨੂੰ ਸੈਫਈ ਦਾ ਦੌਰਾ ਕਰਨ ਵਾਲੇ ਹਨ।