ਲੁਧਿਆਣਾ, 11 ਅਕਤੂਬਰ 2022 – ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਸਾਈਬਰ ਕਰਾਈਮ ਘੱਟ ਨਹੀਂ ਹੋ ਰਿਹਾ ਪਰ ਜ਼ਿਲਾ ਪੁਲਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਕੁਝ ਲੋਕਾਂ ਨੂੰ 5ਜੀ ਸਿਮ ਅਪਗ੍ਰੇਡ ਕਰਨ ਦੇ ਨਾਂ ‘ਤੇ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਜ਼ਿਲ੍ਹਾ ਪੁਲੀਸ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਗਈ ਹੈ ਕਿ ਲੋਕ ਸਾਵਧਾਨ ਰਹਿਣ। ਸਾਈਬਰ ਅਪਰਾਧੀ 5ਜੀ ਦੇ ਨਾਂ ‘ਤੇ ਲੋਕਾਂ ਨੂੰ ਠੱਗ ਸਕਦੇ ਹਨ।
ਪੁਲਿਸ ਵੱਲੋਂ ਅਲਰਟ ਕਰਦਿਆਂ ਕਿਹਾ ਗਿਆ ਹੈ ਕੇ ਲੋਕ ਆਪਣਾ 4ਜੀ ਸਿਮ 5ਜੀ ‘ਚ ਅਪਗ੍ਰੇਡ ਕਰਵਾਉਣ ਲਈ ਕਾਲ ਪ੍ਰਾਪਤ ਕਰ ਸਕਦੇ ਹਨ। ਜਿਸ ਤਹਿਤ ਠੱਗ ਤੁਹਾਨੂੰ ਫ਼ੋਨ ‘ਤੇ ਪ੍ਰਾਪਤ ਹੋਇਆ OTP ਭੇਜਨ ਲਈ ਕਹਿਣਗੇ। ਪੁਲਸ ਮੁਤਾਬਕ ਜੇਕਰ ਕੋਈ ਵਿਅਕਤੀ ਠੱਗਾਂ ਨੂੰ ਆਪਣਾ ਓਟੀਪੀ ਦਿੰਦਾ ਹੈ ਤਾਂ ਲੋਕਾਂ ਦੇ ਬੈਂਕ ਖਾਤੇ ਦੇ ਪੈਸੇ ਉਸ ਦੇ ਖਾਤੇ ‘ਚ ਟਰਾਂਸਫਰ ਹੋ ਜਾਣਗੇ। ਹਰ ਰੋਜ਼ ਨਵੀਂ ਤਕਨੀਕ ਨਾਲ ਸਾਈਬਰ ਠੱਗ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।
ਇਸ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਕੁਝ ਲੋਕ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਦੀ ਫੋਟੋ ਵਟਸਐਪ ‘ਤੇ ਲਾ ਕੇ ਪੁਲਿਸ ਮੁਲਾਜ਼ਮਾਂ ਨੂੰ ਮੈਸੇਜ ਭੇਜ ਕੇ ਐਮਾਜ਼ਾਨ ਤੋਹਫ਼ੇ ਆਦਿ ਮੰਗ ਰਹੇ ਸਨ। ਸਾਈਬਰ ਅਪਰਾਧੀਆਂ ਦਾ ਮਨੋਬਲ ਇਸ ਹੱਦ ਤੱਕ ਵਧ ਗਿਆ ਹੈ ਕਿ ਉਹ ਪੁਲਿਸ ਕਮਿਸ਼ਨਰ ਦੀ ਫੋਟੋ ਤੱਕ ਵੀ ਵਰਤਣ ਲੱਗ ਪਏ ਹਨ ਅਤੇ ਲੋਕਾਂ ਨੂੰ ਠੱਗਣ ਵਿੱਚ ਲੱਗੇ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਅਜਿਹਾ ਇੱਕ ਵਾਰ ਨਹੀਂ, ਪਹਿਲਾਂ 18 ਅਗਸਤ ਨੂੰ ਅਤੇ ਹੁਣ ਦੂਜੀ ਵਾਰ ਕਰੀਬ 10 ਦਿਨ ਪਹਿਲਾਂ ਸਾਈਬਰ ਠੱਗਾਂ ਨੇ ਸੀਪੀ ਸ਼ਰਮਾ ਦੀ ਫੋਟੋ ਦਾ ਗਲਤ ਇਸਤੇਮਾਲ ਕੀਤਾ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਸਮੇਂ-ਸਮੇਂ ‘ਤੇ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਸਾਈਬਰ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ। ਦੂਜੇ ਪਾਸੇ ਜੇਕਰ ਕਿਸੇ ਨਾਲ ਧੋਖਾਧੜੀ ਵਰਗੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਪੁਲਿਸ ਸਮੇਂ ਸਿਰ ਕਾਰਵਾਈ ਕਰ ਸਕੇ |