- ਮਜਦੂਰ ਦੀ ਰੋਜ਼ਾਨਾ ਦਿਹਾੜੀ ਘੱਟੋ ਘੱਟ 700ਰੁਪਿਆ ਕੀਤੀ ਜਾਵੇ
ਚੰਡੀਗੜ੍ਹ, 12 ਅਕਤੂਬਰ 2022 – ਪੰਜਾਬ ਸਰਕਾਰ ਵੱਲੋਂ ਉਸਾਰੀ ਮਜ਼ਦੂਰਾਂ ਦੀਆਂ ਦਿਹਾੜੀਆਂ ਵਿੱਚ ਕੀਤੇ ਨਿਗੁਣੇ ਵਾਧੇ ਨੂੰ ਬਹੁਜਨ ਸਮਾਜ ਪਾਰਟੀ ਨੇ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ। ਮੁੱਖ ਮੰਤਰੀ ਦੱਸਣ ਮਹਿੰਗਾਈ ਦੇ ਦੌਰ ਵਿੱਚ 715 ਰੁਪਏ ਪ੍ਰਤੀ ਮਹੀਨੇ ਵਾਧੇ ਨਾਲ ਮਜ਼ਦੂਰ ਕਿਵੇਂ ਕਰਨ ਗੁਜਾਰਾ ਜੋਕਿ ਮਹਿੰਗਾਈ ਯੁੱਗ ਵਿਚ 24 ਰੁਪਏ ਰੋਜ਼ਾਨਾ ਦਿਹਾੜੀ ਵਾਧਾ ਕਰਨ ਦੀ ਸਰਕਾਰੀ ਬੁਰਕੀ ਮਜ਼ਦੂਰਾਂ ਨਾਲ ਭੱਦੇ ਮਜਾਕ ਤੋਂ ਵੱਧ ਕੁਝ ਨਹੀਂ ਹੈ।
ਜਾਰੀ ਪ੍ਰੈਸ ਬਿਆਨ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਦਿਹਾੜੀ ਵਿੱਚ 714 ਰੁਪਏ 96 ਪੈਸੇ ਪ੍ਰਤੀ ਮਹੀਨਾ ਕੀਤੇ ਵਾਧੇ ‘ਆਪ’ ਦਾ ਮਜ਼ਦੂਰ ਵਿਰੋਧੀ ਚਿਹਰਾ ਇਕ ਵਾਰ ਫਿਰ ਸਾਹਮਣੇ ਲਿਆ ਦਿੱਤਾ। ਸ. ਗੜ੍ਹੀ ਨੇ ਕਿਹਾ ਕਿ ਅਤਿ ਦੀ ਮਹਿੰਗਾਈ ਵਿੱਚ ਪਿੜ-ਪਿਸ਼ ਰਹੇ ਮਜ਼ਦੂਰਾਂ ਦੀਆਂ ਦਿਹਾੜੀ ਵਿਚ ਕੀਤਾ ਗਿਆ ਸਿਰਫ 24 ਰੁਪਏ ਰੋਜ਼ਾਨਾ ਦਾ ਵਾਧਾ ਉਨ੍ਹਾਂ ਦੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਲਿਆ ਸਕੇਗਾ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਦੁੱਧ ਦੀ ਕੀਮਤ 50 ਰੁਪਏ ਪ੍ਰਤੀ ਕਿਲੋ ਤੋਂ ਉਪਰ ਹੋ ਚੁੱਕੀ ਹੈ ਜਦੋਂਕਿ ਦਾਲ 100 ਰੁਪੈ ਤੇ ਸਬ਼ਜੀ 50 ਰੁਪਏ ਕਿਲੋ ਤੋਂ ਘੱਟ ਨਹੀਂ ਮਿਲ ਰਹੀ, ਦਿਨੋਂ ਦਿਨ ਵਧੀਆਂ ਖਾਣ ਵਾਲੇ ਤੇਲ ਤੇ ਰਸੋਈ ਸਿਲੰਡਰ ਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੈ ਉਥੇ ਮਜ਼ਦੂਰ 9907 ਰੁਪਏ ਵਿਚ ਮਹੀਨਾ ਭਰ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ 9907 ਰੁਪਏ ਵਿੱਚ ਆਪਣੇ ਪਰਿਵਾਰ ਗੁਜਾਰਾ ਕਰਕੇ ਦਿਖਾਉਣ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਉਸਾਰੀ, ਖੇਤ ਮਜ਼ਦੂਰਾਂ ਦੇ ਘੱਟੋ ਘੱਟ 21000 ਰੁਪਏ ਮਹੀਨਾ ਤੈਅ ਕਰੇ ਤਾਂ ਜੋ ਮਹਿੰਗਾਈ ਦੇ ਦੌਰ ਵਿੱਚ ਲੋਕ ਆਪਣਾ ਜੀਵਨ ਜੀਅ ਸਕਣ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਮਜ਼ਦੂਰਾਂ ਦੇ ਮਸਲੇ ਉਤੇ ਲੋਕਾਂ ਨੂੰ ਜੱਥੇਬੰਦ ਕਰਕੇ ਇਕ ਤਿੱਖਾ ਸੰਘਰਸ਼ ਵਿੱਢੇਗੀ।