- ਪਰਿਵਾਰ: ਸ਼ਹੀਦ ਭਗਤ ਸਿੰਘ ਦੀ ਤੁਲਨਾ ਮਨੀਸ਼ ਸਿਸੋਦੀਆ ਨਾਲ ਨਾ ਕਰੋ, ਇਨਕਲਾਬੀਆਂ ਦਾ ਅਪਮਾਨ
ਚੰਡੀਗੜ੍ਹ, 18 ਅਕਤੂਬਰ 2022 – ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼ਹੀਦ ਭਗਤ ਸਿੰਘ ਦੀ ਤੁਲਨਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਕੀਤੇ ਜਾਣ ਤੋਂ ਬਾਅਦ ਸ਼ਹੀਦ ਦਾ ਪਰਿਵਾਰ ‘ਚ ਭਾਰੀ ਗੁੱਸੇ ‘ਚ ਹੈ। ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੇਜਰੀਵਾਲ ਨੂੰ ਆਪਣਾ ਬਿਆਨ ਵਾਪਸ ਲੈਣ ਅਤੇ ਮੁਆਫੀ ਮੰਗਣ ਲਈ ਕਿਹਾ ਹੈ।
ਭਗਤ ਸਿੰਘ ਦੇ ਪਰਿਵਾਰਕ ਮੈਂਬਰ ਹਰਭਜਨ ਐਸ ਦੱਤ ਨੇ ਕਿਹਾ, ”ਕੇਜਰੀਵਾਲ ਦਾ ਇਹ ਬਿਆਨ ਨਾ ਸਿਰਫ਼ ਭਗਤ ਸਿੰਘ ਦਾ ਸਗੋਂ ਸਾਰੇ ਕ੍ਰਾਂਤੀਕਾਰੀਆਂ ਦਾ ਅਪਮਾਨ ਹੈ। ਉਹ ਮਨੀਸ਼ ਸਿਸੋਦੀਆ ਦੀ ਤੁਲਨਾ ਭਗਤ ਸਿੰਘ ਨਾਲ ਕਿਵੇਂ ਕਰ ਸਕਦੇ ਹਨ। ਹਰਭਜਨ ਐਸ ਦੱਤ ਨੇ ਕਿਹਾ ਕਿ ਭਗਤ ਸਿੰਘ ਦਾ ਮਿਸ਼ਨ ਕੋਈ ਸਿਆਸੀ ਖੇਡ ਨਹੀਂ ਸੀ, ਸਗੋਂ ਦੇਸ਼ ਨੂੰ ਸਮਰਪਿਤ ਸੀ। ਸਿਆਸੀ ਖੇਡ ਵਾਲੇ ਬੰਦੇ ਨੂੰ ਕਦੇ ਫਾਂਸੀ ਨਹੀਂ ਚੜ੍ਹ ਸਕਦਾ। ਭਗਤ ਸਿੰਘ ਨੇ ਅੰਗਰੇਜ਼ ਹਕੂਮਤ ਵਿਰੁੱਧ ਲੜਾਈ ਲੜੀ। ਜਦੋਂ ਕਿ ਇਹ ਲੋਕ ਸਿਸਟਮ ਵਿਰੁੱਧ ਨਹੀਂ ਸਗੋਂ ਸੱਤਾ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਅਤੇ ਮੁਆਫੀ ਮੰਗਣੀ ਚਾਹੀਦੀ ਹੈ।
ਪੰਜਾਬ ਕਾਂਗਰਸ ਅਤੇ ਪੰਜਾਬ ਭਾਜਪਾ ਨੇ ਵੀ ‘ਆਪ’ ਨੂੰ ਮਨੀਸ਼ ਸਿਸੋਦੀਆ ਨਾਲ ਭਗਤ ਸਿੰਘ ਦੀ ਤੁਲਨਾ ਕਰਨ ‘ਤੇ ਸਵਾਲ ਚੁੱਕੇ ਹਨ। ਵਿਰੋਧੀ ਧਿਰ ਨੇ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਵਿਰੋਧੀ ਧਿਰ ਨੇ ਕਿਹਾ ਕਿ ਭਗਤ ਸਿੰਘ ਦੀ ਤੁਲਨਾ ਸ਼ਰਾਬ ਦੇ ਠੇਕੇ ਵੰਡਣ ਵਾਲੇ ਵਿਅਕਤੀ ਨਾਲ ਕਰਨ ਲਈ ਅਰਵਿੰਦ ਕੇਜਰੀਵਾਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ।