ਅੰਮ੍ਰਿਤਸਰ, 18 ਅਕਤੂਬਰ 2022 – ਅੰਮ੍ਰਿਤਸਰ ‘ਚ ਨਸ਼ਾ ਲੈਂਦੇ ਹੋਏ ਨਸ਼ੇੜੀਆਂ ਦੀ ਇਕ ਹੋਰ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਕਿਸੇ ਨਸ਼ੇੜੀ ਥਾਂ ਦੀ ਨਹੀਂ ਸਗੋਂ ਕੇਂਦਰੀ ਸੁਧਾਰ ਗ੍ਰਹਿ (ਜੇਲ੍ਹ) ਦੀ ਦੱਸੀ ਜਾ ਰਹੀ ਹੈ। ਜਿੱਥੇ ਝੁੰਡ ਵਿੱਚ ਬੈਠੇ ਹਵਾਲਾਤੀ ਤੇ ਕੈਦੀ ਨਸ਼ਾ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕੇਂਦਰੀ ਜੇਲ੍ਹ ਦੇ ਕਿਸੇ ਵੀ ਅਧਿਕਾਰੀ ਨੇ ਵੀਡੀਓ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਜੇਲ੍ਹ ਅੰਦਰੋਂ ਨਸ਼ੇ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਡੀਓ ਕਿਸੇ ਹੋਰ ਦੀ ਨਹੀਂ ਹੈ, ਸਗੋਂ ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਸਮਾਂ ਬਿਤਾਉਣ ਤੋਂ ਬਾਅਦ ਇੱਕ ਬਾਹਰ ਆਏ ਕੈਦੀ ਦਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਝੁੰਡ ਬਣਾ ਕੇ ਕੁਝ ਲੋਕ ਪੰਨੀ ਲਗਾ ਕੇ ਨਸ਼ਾ ਕਰ ਰਹੇ ਹਨ। ਪਿਛਲੇ ਸਾਲਾਂ ਦੌਰਾਨ ਜੇਲ੍ਹ ਦੇ ਅੰਦਰ ਬਹੁਤ ਸਖ਼ਤੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਸਰਕਾਰ ਜੇਲ੍ਹ ਅੰਦਰ ਨਸ਼ਾ ਅਤੇ ਮੋਬਾਈਲ ਦੀ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ।
ਪਿਛਲੇ ਸਮੇਂ ਵਿੱਚ ਨਸ਼ਿਆਂ ਅਤੇ ਮੋਬਾਈਲਾਂ ਦੀ ਤਸਕਰੀ ਨੂੰ ਰੋਕਣ ਲਈ ਜੇਲ੍ਹਾਂ ਵਿੱਚ ਸੀਆਰਪੀਐਫ ਅਤੇ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਗਏ ਸਨ। ਪਰ ਹੁਣ ਤੱਕ ਪੰਜਾਬ ਸਰਕਾਰ ਇਨ੍ਹਾਂ ਦੋਵਾਂ ‘ਤੇ ਸ਼ਿਕੰਜਾ ਕੱਸਣ ‘ਚ ਨਾਕਾਮ ਰਹੀ ਹੈ।
ਕੁਝ ਦਿਨ ਪਹਿਲਾਂ ਐਸਟੀਐਫ ਨੇ ਜੇਲ੍ਹ ਅੰਦਰ ਮੋਬਾਈਲ ਮੁਹੱਈਆ ਕਰਵਾਉਣ ਵਾਲੇ ਗੋਇੰਦਵਾਲ ਸਾਹਿਬ ਜੇਲ੍ਹ ਦੇ ਡਿਪਟੀ ਸੁਪਰਡੈਂਟ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਬਲਬੀਰ ਸਿੰਘ ਜੇਲ੍ਹ ਅੰਦਰ ਕੈਦੀਆਂ ਨੂੰ ਮੋਬਾਈਲ ਫ਼ੋਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸੁਰੱਖਿਆ ਵੀ ਦਿੰਦਾ ਸੀ ਅਤੇ ਇਸ ਲਈ ਮੋਟੀ ਰਕਮ ਵੀ ਵਸੂਲਦਾ ਸੀ।