ਜਲੰਧਰ, 19 ਅਕਤੂਬਰ 2022 – ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਕਰੋਲ ਬਾਗ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਵੱਲੋਂ ਖੁਦ ਨੂੰ ਸ਼ੱਕੀ ਹਾਲਾਤ ’ਚ ਗੋਲ਼ੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਨੌਜਵਾਨ ਦੀ ਪਛਾਣ ਸਪਰਨ ਸ਼ਰਮਾ ਉਰਫ ਸੈਂਡੀ ਵਜੋਂ ਹੋਈ ਹੈ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕੇ ਉਸ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਉਸ ਨੂੰ PGI ਰੈਫਰ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸਪਰਨ ਸ਼ਰਮਾ ਉਰਫ ਸੈਂਡੀ ਪਿਸਟਲ ਸ਼ੂਟਿੰਗ ਦਾ ਖਿਡਾਰੀ ਹੈ। ਸੈਂਡੀ ਨੇ ਆਪਣੇ ਹੀ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਹਸਪਤਾਲ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ ਸ਼ੂਟਿੰਗ ਖਿਡਾਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਖੁਦ ਨੂੰ ਗੋਲੀ ਮਾਰਨ ਵਾਲਾ ਨੌਜਵਾਨ ਸੈਂਡੀ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਕੰਮ ਨਾ ਮਿਲਣ ਕਾਰਨ ਦੁਖੀ ਹੋ ਗਿਆ।
ਸੈਂਡੀ ਦੇ ਪਿਤਾ ਸੰਜੀਵ ਸ਼ਰਮਾ ਅਤੇ ਮਾਂ ਦੋਵੇਂ ਸਰਕਾਰੀ ਅਧਿਆਪਕ ਹਨ ਤੇ ਇਕ ਭਰਾ ਹੈ। ਸੈਂਡੀ ਪੀਏਪੀ ਵਿੱਚ ਸ਼ੂਟਿੰਗ ਦਾ ਅਭਿਆਸ ਕਰਦਾ ਸੀ। ਇਸ ਤੋਂ ਇਲਾਵਾ ਉਸ ਨੇ ਪੰਜਾਬੀ ਐਲਬਮਾਂ ਵਿੱਚ ਫਿਲਮਾਏ ਗੀਤਾਂ ਵਿੱਚ ਵੀ ਅਦਾਕਾਰੀ ਕੀਤੀ ਹੈ। ਉਹ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ।
ਥਾਣਾ ਇੰਚਾਰਜ ਰਾਮਾਮੰਡੀ ਦੇ ਐਸਐਚਓ ਨੇ ਦੱਸਿਆ ਕਿ ਲਾਇਸੈਂਸੀ ਰਿਵਾਲਵਰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਲਗਾਇਆ ਜਾ ਰਿਹਾ ਹੈ।