ਨਾਭਾ, 20 ਅਕਤੂਬਰ 2022 – ਨਾਭਾ ਅਧੀਨ ਪੈਂਦੇ ਪਿੰਡ ਫੈਜ਼ਗੜ੍ਹ (ਪਟਿਆਲਾ) ‘ਚ 22 ਸਾਲਾ ਨਸ਼ੇੜੀ ਪੁੱਤਰ ਸਾਬਰ ਅਲੀ ਨੇ ਆਪਣੀ ਮਾਂ ਕਿਰਨਾ ਰਾਣੀ (50 ਸਾਲ) ਦੇ ਸਿਰ ‘ਤੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਫਿਰ ਲਾਸ਼ ਨੂੰ ਉਸ ਦੇ ਕਮਰੇ ‘ਚ ਹੀ ਦਫਨਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਚੌਕੀ ਛੀਟਾਂਵਾਲਾ ਦੀ ਪੁਲਸ ਨੇ ਤਹਿਸੀਲਦਾਰ ਦੀ ਹਾਜ਼ਰੀ ‘ਚ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ।
ਹੁਣ ਤੱਕ ਦੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਤਲ ਅਲੀ ਨਸ਼ੇ ਦਾ ਆਦੀ ਸੀ ਅਤੇ ਆਪਣੀ ਮਾਂ ਤੋਂ ਪੈਸਿਆਂ ਦੀ ਮੰਗ ਕਰਦਾ ਸੀ। ਪੈਸੇ ਨਾ ਮਿਲਣ ‘ਤੇ ਦੋਸ਼ੀ ਨੇ ਸੋਮਵਾਰ ਸ਼ਾਮ ਨੂੰ ਆਪਣੀ ਮਾਂ ਦਾ ਕਤਲ ਕਰ ਦਿੱਤਾ ਅਤੇ ਮੰਗਲਵਾਰ ਨੂੰ ਕਮਰੇ ‘ਚ ਟੋਆ ਪੁੱਟ ਕੇ ਖੁਦ ਹੀ ਲਾਸ਼ ਨੂੰ ਦਫਨ ਕਰ ਦਿੱਤਾ। ਮੁਲਜ਼ਮ ਸਾਬਰ ਅਲੀ ਆਪਣੇ ਨਾਨਕਾ ਪਰਿਵਾਰ ਨਾਲ ਰਹਿੰਦਾ ਸੀ। ਕਈ ਵਾਰ ਉਹ ਆਪਣੀ ਮਾਂ ਨੂੰ ਮਿਲਣ ਆਉਂਦਾ ਸੀ। ਕਰੀਬ ਇੱਕ ਹਫ਼ਤਾ ਪਹਿਲਾਂ ਮੁਲਜ਼ਮ ਮਾਂ ਨੂੰ ਮਿਲਣ ਆਇਆ ਸੀ।
ਚੌਕੀ ਛੀਟਾਂਵਾਲਾ ਦੇ ਇੰਚਾਰਜ ਚਮਕੌਰ ਸਿੰਘ ਨੇ ਦੱਸਿਆ ਕਿ ਕਿਰਨਾ ਨਾਂ ਦੀ ਔਰਤ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਘਰ ਵਿੱਚ ਦਬਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਉਪਰੰਤ ਤਹਿਸੀਲਦਾਰ ਦੀ ਹਾਜ਼ਰੀ ‘ਚ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਤੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਦੋਸ਼ੀ ਕਾਤਲ ਪੁੱਤਰ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।