ਬਠਿੰਡਾ, 21 ਅਕਤੂਬਰ 2022 – ਬਠਿੰਡਾ ਜ਼ਿਲ੍ਹੇ ਵਿੱਚ ਇੱਕ ਹੋਰ ਨੌਜਵਾਨ ਦੀ ਬਠਿੰਡਾ ਦਾ ਟੀਕਾ ਲਾਉਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 21 ਸਾਲਾ ਹੈਰੀ ਪੁੱਤਰ ਗੁਰਸੇਵਕ ਸਿੰਘ ਵਾਸੀ ਬੱਲੂਆਣਾ ਵਜੋਂ ਹੋਈ ਹੈ। ਪੁਲੀਸ ਥਾਣਾ ਸਦਰ ਬਠਿੰਡਾ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਬੀੜ ਤਾਲਾਬ ਚਿੜੀਆਘਰ ਨੇੜੇ ਪੁਰਾਣੇ ਬੱਸ ਸਟੈਂਡ ਵਿੱਚ ਕੂੜੇ ਦੇ ਢੇਰ ਕੋਲ ਦੋ ਨੌਜਵਾਨਾਂ ਨੇ ਕਥਿਤ ਤੌਰ ’ਤੇ ਚਿੱਟੇ ਦੇ ਟੀਕੇ ਲਾਏ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਵਿਗੜ ਗਈ। ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਮੌਕੇ ‘ਤੇ ਪਹੁੰਚੀ ਤਾਂ ਨਾਲ ਦੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਚਿੱਟੇ ਦੇ ਟੀਕੇ ਲਗਾਏ ਸਨ, ਜਿਸ ਤੋਂ ਬਾਅਦ ਉਸ ਦੇ ਸਾਥੀ ਹੈਰੀ ਦੀ ਤਬੀਅਤ ਵਿਗੜਨ ‘ਤੇ ਉਸ ਨੇ ਹੋਰ ਟੀਕਾ ਲਗਾ ਲਿਆ ਸੀ।
ਥਾਣਾ ਸਦਰ ਦੀ ਮੌਜੂਦਗੀ ਵਿੱਚ ਸਹਾਰਾ ਦੀ ਟੀਮ ਨੇ ਨੌਜਵਾਨ ਨੂੰ ਤੁਰੰਤ ਐਂਬੂਲੈਂਸ ਵਿੱਚ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਮਾਂ ਅਤੇ ਭਰਾ ਹਸਪਤਾਲ ਵਿੱਚ ਮੌਜੂਦ ਸਨ। ਸਹਾਰਾ ਟੀਮ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ‘ਚ ਭੇਜ ਦਿੱਤਾ ਹੈ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।