- ਪੁਲਿਸ ਦਾ ਜ਼ਜ਼ਬਾ ਹੀ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਬਕਰਾਰ ਰੱਖਦਾ : ਗੁਰਪ੍ਰੀਤ ਸਿੰਘ ਭੁੱਲਰ
- ਪੰਜਾਬ ਪੁਲਿਸ ਆਪਣੇ ਮੁਲਾਜ਼ਮਾਂ ਨਾਲ ਹਮੇਸ਼ਾ ਡਟ ਕੇ ਖੜੀ ਹੈ ਤੇ ਖੜੀ ਰਹੇਗੀ
- ਪਿਛਲੇ ਸਾਲ ਸ਼ਹੀਦ ਹੋਏ ਪੁਲਿਸ ਦੇ 261 ਜਵਾਨਾਂ ਨੂੰ ਦਿੱਤੀ ਸਰਧਾਂਜਲੀ
ਐਸ.ਏ.ਐਸ. ਨਗਰ, 21 ਅਕਤੂਬਰ 2022 – ਦੇਸ਼ ਦੀ ਅੰਦਰੂਨੀ ਸੁਰੱਖਿਆ ਦੀ ਜਿੰਮੇਵਾਰੀ ਪੁਲਿਸ ਦੇ ਹੱਥ ਹੁੰਦੀ ਹੈ। ਪੁਲਿਸ ਦਾ ਜ਼ਜ਼ਬਾ ਹੀ ਦੇਸ਼ ਦੀ ਸੁਰੱਖਿਆ ਨੂੰ ਬਕਰਾਰ ਰੱਖ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਆਈ.ਜ਼ੀ. ਰੂਪਨਗਰ ਰੇਂਜ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੁਲਿਸ ਸ਼ਹੀਦੀ ਯਾਦਗਰੀ ਦਿਵਸ ਮੌਕੇ ਕਰਵਾਏ ਸਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਪੁਲਿਸ ਸ਼ਹੀਦੀ ਯਾਦਗਰੀ ਦਿਵਸ 21 ਅਕਤੂਬਰ 1959 ਨੂੰ ਲੱਦਾਖ ਘਾਟੀ ਵਿੱਚ ਗਸ਼ਤ ਕਰਦੇ ਹੋਏ ਚੀਨ ਬਾਰਡਰ ਤੇ ਸ਼ਹੀਦ ਹੋਏ ਸੀ.ਆਰ.ਪੀ.ਐਫ ਦੇ ਜਵਾਨਾਂ ਦੀ ਯਾਦ ਵਿੱਚ ਸ਼ੁਰੂ ਹੋਇਆ ।
ਡੀ.ਆਈ.ਜੀ. ਨੇ ਕਿਹਾ ਕਿ ਪੁਲਿਸ ਜਵਾਨ ਆਪਣੇ ਫਰਜਾਂ ਨੂੰ ਨਿਭਾਉਂਦੇ ਹੋਏ ਦੇਸ਼ ਦੀ ਖਾਤਰ ਆਪਣੀ ਜਾਨ ਨੂੰ ਕੁਰਬਾਨ ਕਰ ਦਿੰਦੇ ਹਨ ,ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖਣ ਲਈ ਪੁਲਿਸ ਸ਼ਹੀਦੀ ਯਾਦਗਰੀ ਦਿਵਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ । ਬੀਤੇ ਸਾਲ ਦੌਰਾਨ ਭਾਰਤ ਵਿਚ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਜ਼ ਦੇ 261 ਜਵਾਨਾਂ ਨੇ ਸ਼ਹੀਦੀ ਪਾਈ ਹੈ। ਉਨ੍ਹਾਂ ਕਿਹਾ ਕਿ “ਜੋ ਜਵਾਨ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਗਏ ਹਨ, ਮੈਂ ਉਹਨਾਂ ਨੂੰ ਸਲਾਮ ਕਰਦਾ ਹਾਂ । ਸਾਨੂੰ ਸਾਰਿਆਂ ਨੂੰ ਉਹਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ”
ਭੁੱਲਰ ਨੇ ਕਿਹਾ ਕਿ ਪੰਜਾਬ ਪੁਲਿਸ ਇੱਕ ਇਹੋ ਜਿਹੀ ਫੋਰਸ ਜਿਸ ਨੇ ਦੁਨਿਆ ਦੇ ਵਿੱਚ ਅਤਵਾਦ ਦੇ ਖਿਲਾਫ ਲੜ ਕੇ ਆਪਣਾ ਇੱਕ ਨਾਮ ਬਣਾਇਆ ਹੈ ਅਤੇ ਇਸ ਸਿਹਰਾ ਸਾਡੇ ਬਹਾਦਰ ਅਫਸਰਾਂ ਅਤੇ ਜਵਾਨਾਂ ਨੂੰ ਜਾਂਦਾ ਹੈ। ਪੰਜਾਬ ਵਿੱਚ ਅਤਵਾਦ ਦੇ ਦੌਰਾਨ ਪੁਲਿਸ ਅਫਸਰਾਂ ਤੇ ਜਵਾਨਾਂ ਨੇ ਸ਼ਹਾਦਤਾਂ ਦੇ ਕੇ ਅਮਨ ਸ਼ਾਂਤੀ ਲਿਆਂਦੀ ਹੈ ,ਸਾਨੂੰ ਉਨ੍ਹਾਂ ਦੀਆਂ ਸ਼ਹਾਦਤਾਂ ਹਮੇਸ਼ਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੇ ਸੁਫਨੇ ਸਕਾਰ ਕਰਨੇ ਚਾਹੀਦੇ ਹਨ ਤਾਂ ਜੋ ਦੇਸ਼ ਦਾ ਮਾਣ ਵਧੇ ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ,ਜਿਲ੍ਹਾ ਪੁਲਿਸ ਮੁਖੀ ਸ੍ਰੀ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ ਨੇ ਫੁੱਲ ਮਾਲਾਵਾਂ /ਰੀਥ ਰੱਖਕੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ । ਇਸ ਤੋਂ ਪਹਿਲਾਂ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ੋਕ ਸਲਾਮੀ ਵੀ ਦਿੱਤੀ ।
ਐਸ.ਪੀ.(ਹੈਂਡਕੁਆਟ) ਸ੍ਰੀ ਅਜਿੰਦਰ ਸਿੰਘ ਵੱਲੋਂ ਸ਼ਹੀਦਾਂ ਦੇ ਨਾਮ ਪੜ੍ਹੇ ਗਏ ।
ਇਸ ਮੌਕੇ ਸ੍ਰੀ ਸੰਦੀਪ ਕੁਮਾਰ ਸਿੰਗਲਾ, ਐਡੀਸ਼ਨਲ ਜਿਲ੍ਹਾ ਸੈਸ਼ਨਜ਼ ਜੱਜ, ਸ੍ਰੀ ਬਲਜਿੰਦਰ ਸਿੰਘ ਮਾਨ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਿਲ੍ਹੇ ਦੇ ਸਮੂਹ ਐਸ.ਪੀ., ਡੀ.ਐਸ.ਪੀਜ਼਼ ਅਤੇ ਇੰਸਪੈਕਟਰ, ਪੁਲਿਸ ਜਵਾਨਾਂ ਅਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਵੱਲੋਂ ਫੁੱਲ ਮਾਲਾਵਾਂ ਚੜ੍ਹਾ ਸਰਧਾਂਜਲੀ ਭੇਂਟ ਕੀਤੀ ਗਈ।