- ਮੀਟਿੰਗ ਮਿੰਨੀ ਸਕੱਤਰੇਤ ਸਥਿਤ ਮੀਟਿੰਗ ਹਾਲ ਵਿੱਚ ਹੋਵੇਗੀ,
- ਮੀਟਿੰਗ ‘ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹੋਣਗੇ ਸ਼ਾਮਲ
ਅੰਮ੍ਰਿਤਸਰ, 22 ਅਕਤੂਬਰ 2022 – ਅਗਲੇ ਸਾਲ ਮਾਰਚ ਵਿੱਚ ਅੰਮ੍ਰਿਤਸਰ ਵਿੱਚ ਹੋਣ ਵਾਲੇ ਜੀ-20 ਸੰਮੇਲਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਮਿੰਨੀ ਸਕੱਤਰੇਤ ਸਥਿਤ ਮੀਟਿੰਗ ਹਾਲ ਵਿੱਚ ਹੋਵੇਗੀ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਣਗੇ। ਮੀਟਿੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਮਿੰਨੀ ਸਕੱਤਰੇਤ ਪਹੁੰਚ ਗਏ ਹਨ ਅਤੇ ਇਹ ਮੀਟਿੰਗ ਕੁਝ ਦੇਰ ਵਿੱਚ ਸ਼ੁਰੂ ਹੋਣ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਜੀ-20 ਸੰਮੇਲਨ ‘ਚ 20 ਦੇਸ਼ਾਂ ਦੇ ਰਾਸ਼ਟਰਪਤੀ ਹਿੱਸਾ ਲੈਣਗੇ। ਇਸ ਲਈ ਤਿਆਰੀਆਂ ਕਰਨੀਆਂ ਪੈਣਗੀਆਂ। ਇਹ ਕਾਨਫਰੰਸ ਅੰਮ੍ਰਿਤਸਰ ਵਿੱਚ ਕਿਸ ਥਾਂ ਹੋਵੇਗੀ, ਇਸ ਦੀ ਵੀ ਚੋਣ ਕੀਤੀ ਜਾਣੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੀਟਿੰਗ ਵਿੱਚ ਇਸ ਥਾਂ ਦੀ ਚੋਣ ਹੋ ਜਾਵੇਗੀ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੀ ਹਾਜ਼ਰ ਸਨ।
ਦੱਸ ਦੇਈਏ ਕਿ ਜੀ-20 ਸੰਮੇਲਨ 15 ਤੋਂ 17 ਮਾਰਚ 2023 ਤੱਕ ਅੰਮ੍ਰਿਤਸਰ ਸਾਹਿਬ ਵਿੱਚ ਹੋਵੇਗਾ। ਇਸ ਦੀਆਂ ਤਿਆਰੀਆਂ ਲਈ ਮੁੱਖ ਮੰਤਰੀ ਮਾਨ ਨੇ 4 ਮੰਤਰੀਆਂ ਦੀ ਕੈਬਨਿਟ ਸਬ-ਕਮੇਟੀ ਬਣਾਈ ਹੈ। ਇਸ ਵਿੱਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ, ਹਰਭਜਨ ਸਿੰਘ ਈਟੀਓ, ਹਰਜੋਤ ਬੈਂਸ ਅਤੇ ਅਨਮੋਲ ਗਗਨ ਮਾਨ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੀ ਅਗਵਾਈ ਹੇਠ ਇੱਕ ਉੱਚ ਤਾਕਤੀ ਕਮੇਟੀ ਦਾ ਗਠਨ ਕੀਤਾ ਹੈ ਜੋ ਇਸ ਕਾਨਫਰੰਸ ਨੂੰ ਬਿਨਾਂ ਕਿਸੇ ਰੁਕਾਵਟ ਦੇ ਕਰਵਾਉਣ ਲਈ ਕੈਬਨਿਟ ਸਬ ਕਮੇਟੀ ਦੀ ਮਦਦ ਕਰੇਗੀ।