- ਸ਼ਿਵ ਸੈਨਾ ਆਗੂ ਸੂਰੀ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ
ਤਰਨਤਾਰਨ, 23 ਅਕਤੂਬਰ 2022 – 11 ਅਕਤੂਬਰ ਨੂੰ ਜੰਮੂ-ਕਸ਼ਮੀਰ-ਰਾਜਸਥਾਨ ਨੈਸ਼ਨਲ ਰੋਡ ‘ਤੇ ਪਿੰਡ ਰਸੂਲਪੁਰ ‘ਚ ਦੁਕਾਨਦਾਰ ਗੁਰਜੰਟ ਸਿੰਘ ਦਾ ਕਤਲ ਕਰਨ ਵਾਲੇ ਦੋ ਸ਼ੂਟਰਾਂ ਅਜ਼ਮੀਤ ਸਿੰਘ ਅਤੇ ਗੁਰਕੀਰਤ ਸਿੰਘ ਨੂੰ ਤਰਨਤਾਰਨ ਦੀ ਪੁਲਿਸ ਨੇ ਅੰਮ੍ਰਿਤਸਰ ਤੋਂ ਫੜ ਲਿਆ ਸੀ। ਅੰਮ੍ਰਿਤਸਰ ਪੁਲੀਸ ਨੇ ਵੀ ਇਸ ਕਾਰਵਾਈ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਦੋਵੇਂ ਸ਼ੂਟਰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਦੋਵਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਕੈਨੇਡਾ ‘ਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਵਾਸੀ ਪਿੰਡ ਹਰੀਕੇ ਨੇ ਗੁਰਜੰਟ ਸਿੰਘ ਦੇ ਪਿਤਾ ਅਜੈਬ ਸਿੰਘ ਤੋਂ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ ਪਰ ਅਜੈਬ ਸਿੰਘ ਨੇ ਫਿਰੌਤੀ ਨਹੀਂ ਦਿੱਤੀ, ਜਿਸ ਤੋਂ ਬਾਅਦ ਚਾਰ ਮਹੀਨੇ ਬਾਅਦ (11 ਅਕਤੂਬਰ ਨੂੰ) ਲੰਡਾ ਨੇ ਅਜਮੀਤ ਸਿੰਘ ਉਰਫ ਮੀਤਾ ਵਾਸੀ ਪਿੰਡ ਨੌਸ਼ਹਿਰਾ ਪੰਨੂਆ ਅਤੇ ਪਿੰਡ ਸ਼ੇਰੋਂ ਵਾਸੀ ਗੁਰਕੀਰਤ ਸਿੰਘ ਉਰਫ਼ ਘੁੱਗੀ ਕੋਲੋਂ ਗੁਰਜੰਟ ਸਿੰਘ ਦਾ ਕਤਲ ਕਰਵਾਇਆ।
ਇਸ ਮਾਮਲੇ ‘ਚ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਥਾਣਾ ਸਦਰ ‘ਚ ਮਾਮਲਾ ਦਰਜ ਕਰ ਕੇ ਤਫਤੀਸ਼ ਨੂੰ ਅੱਗੇ ਵਧਾਇਆ, ਜਿਸ ਦੌਰਾਨ ਪੁਲਸ ਨੇ ਕਤਲ ਦੇ ਮਾਮਲੇ ‘ਚ ਜੁੜੇ ਦੋ ਹੋਰ ਦੋਸ਼ੀਆਂ ਰਵੀਸ਼ੇਰ ਸਿੰਘ ਉਰਫ ਰਵੀ ਵਾਸੀ ਪਿੰਡ ਸ਼ੇਰ ਅਤੇ ਵਰਿੰਦਰ ਸਿੰਘ ਉਰਫ ਭਿੰਡੀ ਵਾਸੀ ਪਿੰਡ ਚੌਧਰੀਵਾਲਾ ਨੂੰ ਕਾਬੂ ਕਰ ਲਿਆ ਸੀ। ਇਸ ਤੋਂ ਬਿਨਾਂ ਕਤਲ ‘ਚ ਵਰਤੇ ਪਿਸਤੌਲ ਤੋਂ ਇਲਾਵਾ ਦੋ ਕਾਰਾਂ ਵੀ ਬਰਾਮਦ ਕੀਤੀਆਂ ਹਨ। ਇਨ੍ਹਾਂ ਦੋਵਾਂ ਨੇ ਗੁਰਜੰਟ ਸਿੰਘ ਦੇ ਕਤਲ ਸਮੇਂ ਰੇਕੀ ਕੀਤੀ ਸੀ।
ਜਦੋਂ ਪੁਲਿਸ ਨੇ ਰਵੀ ਅਤੇ ਭਿੰਡੀ ਤੋਂ ਪੁੱਛ-ਗਿੱਛ ਸ਼ੁਰੂ ਕੀਤੀ ਤਾਂ ਕੜੀਆਂ ਜੁੜਣ ਲੱਗੀਆਂ। ਬੀਤੀ ਰਾਤ ਥਾਣਾ ਤਰਨਤਾਰਨ ਦੀ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨਾਲ ਮਿਲ ਕੇ ਦੋਨਾਂ ਸ਼ੂਟਰਾਂ ਅਜਮੀਤ ਸਿੰਘ ਉਰਫ਼ ਮੀਤਾ ਵਾਸੀ ਨੌਸ਼ਹਿਰਾ ਪੰਨੂਆ ਅਤੇ ਗੁਰਕੀਰਤ ਸਿੰਘ ਉਰਫ਼ ਘੁੱਗੀ ਵਾਸੀ ਪਿੰਡ ਸ਼ੇਰਾਂ ਨੂੰ ਅੰਮ੍ਰਿਤਸਰ ਸ਼ਹਿਰ ਤੋਂ ਕਾਬੂ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਲਖਬੀਰ ਸਿੰਘ ਲੰਡਾ ਨੇ ਇਨ੍ਹਾਂ ਦੋਵਾਂ ਸ਼ੂਟਰਾਂ ਨੂੰ ਦੀਵਾਲੀ ਮੌਕੇ ਅੰਮ੍ਰਿਤਸਰ ਰਹਿੰਦੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਹੱਤਿਆ ਦਾ ਟੀਚਾ ਦਿੱਤਾ ਸੀ।
ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਦੋਵਾਂ ਸ਼ੂਟਰਾਂ ਦਾ ਪਿੰਡ ਠਠਗੜ੍ਹ ਦਾ ਥੀਨ ਸੀ ਅਤੇ ਇਸ ਪਿੰਡ ਵਿੱਚ ਅਸਲਾ ਵੀ ਰੱਖਿਆ ਗਿਆ ਹੈ, ਜਿੱਥੇ ਪੁਲੀਸ ਟੀਮਾਂ ਨੇ ਨਾਕਾਬੰਦੀ ਕਰਕੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਅੱਜ ਐਤਵਾਰ ਨੂੰ ਇਸ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ।