ਅੰਮ੍ਰਿਤਸਰ, 23 ਅਕਤੂਬਰ 2022 – ਅੰਮ੍ਰਿਤਸਰ ‘ਚ ਪੈਂਦੇ ਇਕ ਪਿੰਡ ‘ਚ 15 ਸਾਲਾ ਲੜਕੀ ਦਾ ਬਲਾਤਕਾਰ ਤੋਂ ਬਾਅਦ ਕਤਲ ਕਰਕੇ ਲਾਸ਼ ਨੂੰ ਛੱਤ ਦੇ ਗਾਰਡਰ ਨਾਲ ਲਟਕਾ ਦਿੱਤਾ ਗਿਆ। ਪੁਲਸ ਨੇ ਪੀੜਤ ਔਰਤ ਦੀ ਸ਼ਿਕਾਇਤ ‘ਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਜਬਰ-ਜ਼ਨਾਹ ਕਰਨ ਅਤੇ ਹੱਤਿਆ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ।
ਲੜਕੀ ਦੀ ਮਾਂ ਨੇ ਥਾਣਾ ਮਜੀਠਾ ਵਿਖੇ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਹੈ ਕਿ ਉਸ ਦਾ ਸਹੁਰੇ ਪਿੰਡ ਵਿੱਚ ਰਹਿ ਰਹੀ ਹੈ। ਉਸ ਦੇ ਪੇਕੇ ਪਿੰਡ ਸੁਲਤਾਨਪੁਰ ਲੋਧੀ ‘ਚ ਹਨ। ਪਿਛਲੇ ਤਿੰਨ-ਚਾਰ ਸਾਲਾਂ ਤੋਂ ਉਹ ਮਜੀਠਾ ਖੇਤਰ ਅਧੀਨ ਪੈਂਦੇ ਆਪਣੇ ਸਹੁਰੇ ਪਿੰਡ ‘ਚ ਨਾਬਾਲਗ ਬੇਟੀ ਨਾਲ ਰਹਿ ਰਹਿ ਸੀ ਹੈ। ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ।
ਉਸ ਨੇ ਦੱਸਿਆ ਕਿ ਪਿੰਡ ਵਿੱਚ ਕਿਸੇ ਰਿਸ਼ਤੇਦਾਰ ਦਾ ਵਿਆਹ ਹੋਣ ਕਾਰਨ ਉਸ ਦੀ ਲੜਕੀ ਨੇ ਉਸ ਨੂੰ ਨਵੇਂ ਕੱਪੜੇ ਲਿਆਉਣ ਲਈ ਕਿਹਾ ਸੀ। ਉਹ ਆਪਣੀ ਪੈਨਸ਼ਨ ਦੇ ਪੈਸੇ ਲੈਣ ਲਈ ਬੈਂਕ ਗਈ ਸੀ। ਉਸ ਸਮੇਂ ਉਸ ਦੀ ਲੜਕੀ ਘਰ ਵਿਚ ਇਕੱਲੀ ਸੀ। ਜਦੋਂ ਉਹ ਘਰ ਪਰਤੀ ਤਾਂ ਉਸ ਨੇ ਘਰ ਦੇ ਕਮਰੇ ਵਿੱਚ ਛੱਤ ਦੇ ਗਾਰਡ ਨਾਲ ਲਟਕਦੀ ਆਪਣੀ ਧੀ ਦੀ ਲਾਸ਼ ਦੇਖੀ। ਇਸ ਕਾਰਨ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਉਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਉਸ ਦੀ ਗੈਰ-ਹਾਜ਼ਰੀ ਵਿੱਚ ਉਸ ਦੇ ਪੇਕੇ ਪਿੰਡ ਸੁਲਤਾਨਪੁਰ ਲੋਧੀ ਤੋਂ ਦੋ ਨੌਜਵਾਨ ਆਏ ਜਿਨ੍ਹਾਂ ਨੇ ਪਹਿਲਾਂ ਉਸ ਦੀ ਧੀ ਨਾਲ ਬਲਾਤਕਾਰ ਕੀਤਾ। ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਕੱਪੜੇ ਨਾਲ ਉਸ ਦੀ ਲਾਸ਼ ਨੂੰ ਛੱਤ ਨਾਲ ਲਟਕਾ ਦਿੱਤਾ।
ਪੀੜਤ ਔਰਤ ਦੀ ਹਮਾਇਤ ਵਿੱਚ ਪਿੰਡ ਦੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਸੁਪਾਰੀ ਵਿੰਡ ਅਤੇ ਅਮਨਦੀਪ ਗਿੱਲ ਵੀ ਥਾਣਾ ਮਜੀਠਾ ਪੁੱਜੇ, ਜਿਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ, ਥਾਣਾ ਮਜੀਠਾ ਦੇ ਐੱਸਐੱਚਓ ਮਨਮੀਤ ਪਾਲ ਸਿੰਘ ਨੇ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੌਕਾ ਦੇਖ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਮਜੀਠਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।