ਲੁਧਿਆਣਾ, 23 ਅਕਤੂਬਰ 2022 – ਅੱਜ ਸਵੇਰੇ ਦੋ ਬਦਮਾਸ਼ ਜੋ ATM ਦਾ ਸ਼ਟਰ ਹੇਠਾਂ ਕਰਕੇ ਗੈਸ ਕਟਰ ਨਾਲ ATM ਕੱਟ ਰਹੇ ਸਨ, ਨੂੰ ਸ਼ਹਿਰ ਵਿੱਚ ਗਸ਼ਤ ਕਰ ਰਹੀ ਪੀ.ਸੀ.ਆਰ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਗੈਸ ਕਟਰ, ਸਿਲੰਡਰ, ਦੋ ਬੈਟਰੀਆਂ ਅਤੇ ਇੱਕ ਪਾਈਪ ਕਿੱਟ ਬਰਾਮਦ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਵਿੱਚ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਛੋਟੂ ਕੁਮਾਰ ਵਾਸੀ ਅਰੋੜਾ ਸਟੀਲ ਪਲਾਂਟ ਢੰਡਾਰੀ ਕਲਾਂ ਅਤੇ ਧੀਰੇਂਦਰ ਕੁਮਾਰ ਵਾਸੀ ਪ੍ਰੇਮ ਨਗਰ ਗਲੀ ਨੰਬਰ 2 ਵਜੋਂ ਹੋਈ ਹੈ। ਹੌਲਦਾਰ ਜਸਵੰਤ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਅਤੇ ਏਐਸਆਈ ਸੁਜਾਨ ਸਿੰਘ ਪੀਸੀਆਰ ਨੰਬਰ 29 ਵਿੱਚ ਤਾਇਨਾਤ ਹਨ।
ਸ਼ਨੀਵਾਰ ਤੜਕੇ 4 ਵਜੇ ਦੋਵੇਂ ਗਸ਼ਤ ਦੇ ਸਬੰਧ ‘ਚ ਜੀਵਨ ਨਗਰ ਰੋਡ ‘ਤੇ ਸਥਿਤ ਬੈਂਕ ਆਫ ਬਰੈਦਾ ਦੇ ਸਾਹਮਣੇ ਪਹੁੰਚੇ। ਉਸੇ ਸਮੇਂ ਏ.ਟੀ.ਐਮ ਦਾ ਸ਼ਟਰ ਹੇਠਾਂ ਡਿੱਗ ਗਿਆ ਅਤੇ ਅੰਦਰ ਕੁਝ ਹਿਲਜੁਲ ਦਿਖਾਈ ਦਿੱਤੀ। ਜਦੋਂ ਉਸ ਨੇ ਸ਼ਟਰ ਖੋਲ੍ਹਿਆ ਤਾਂ ਦੋਵੇਂ ਮੁਲਜ਼ਮ ਗੈਸ ਕਟਰ ਦੀ ਮਦਦ ਨਾਲ ਏ.ਟੀ.ਐੱਮ. ਕੱਟ ਰਹੇ ਹਨ। ਜਿਸ ਕਾਰਨ ਮਸ਼ੀਨ ਦਾ ਕਾਫੀ ਨੁਕਸਾਨ ਹੋ ਗਿਆ। ਦੋਵਾਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ।