- ਬਿਨਾਂ ਹੈਲਮੇਟ ਵਾਲੀ ਔਰਤ ਨੂੰ ਸਰਕਾਰੀ ਬੁਲੇਟ ‘ਤੇ ਬਿਠਾਇਆ, ਲੋਕਾਂ ਨੇ ਟ੍ਰੈਫਿਕ ਪੁਲਿਸ ਨੂੰ ਭੇਜੀ ਫੋਟੋ
ਚੰਡੀਗੜ੍ਹ, 25 ਅਕਤੂਬਰ 2022 – ਚੰਡੀਗੜ੍ਹ ‘ਚ ਲੋਕ ਲਗਾਤਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀਆਂ ਫੋਟੋ-ਵੀਡੀਓ ਸੋਸ਼ਲ ਮੀਡੀਆ ਰਾਹੀਂ ਟ੍ਰੈਫਿਕ ਪੁਲਸ ਨੂੰ ਸ਼ੇਅਰ ਕਰ ਰਹੇ ਹਨ। ਅਜਿਹੇ ਲੋਕਾਂ ਦੇ ਚਲਾਨ ਵੀ ਬਣਾਏ ਜਾ ਰਹੇ ਹਨ। ਸੋਮਵਾਰ ਸਵੇਰੇ ਇਕ ਵਿਅਕਤੀ ਨੇ ਚੰਡੀਗੜ੍ਹ ਪੁਲਸ ਦੇ ਇਕ ਮੁਲਾਜ਼ਮ ਦਾ ਹੀ ਚਲਾਨ ਕਟਵਾ ਦਿੱਤਾ।
ਦਰਅਸਲ ਚੰਡੀਗੜ੍ਹ ਪੁਲੀਸ ਦਾ ਇੱਕ ਮੁਲਾਜ਼ਮ ਸਿਵਲ ਕੱਪੜਿਆਂ ਵਿੱਚ ਇੱਕ ਔਰਤ ਨੂੰ ਸਰਕਾਰੀ ਬੁਲੇਟ ’ਤੇ ਲੈ ਕੇ ਜਾ ਰਿਹਾ ਸੀ। ਉਸ ਦੀ ਫੋਟੋ ਕਲੋਨੀ ਨੰਬਰ ਦੇ ਲਾਈਟ ਪੁਆਇੰਟ ਨੇੜੇ ਇੰਡਸਟਰੀਅਲ ਏਰੀਆ ਫੇਜ਼ 1 ਦੇ ਕਿਸੇ ਵਿਅਕਤੀ ਨੇ ਖਿੱਚੀ ਸੀ। ਇਸ ਤੋਂ ਬਾਅਦ ਫੋਟੋ ਨੂੰ ਸੋਸ਼ਲ ਮੀਡੀਆ ‘ਤੇ ਚੰਡੀਗੜ੍ਹ ਟਰੈਫਿਕ ਪੁਲਸ ਨਾਲ ਸਾਂਝਾ ਕੀਤਾ ਗਿਆ।
ਇਸ ‘ਚ ਫੋਟੋ ਸ਼ੇਅਰ ਕਰਦੇ ਹੋਏ ਵਿਅਕਤੀ ਨੇ ਬੁਲੇਟ ‘ਤੇ ਬੈਠੀ ਔਰਤ ਨੂੰ ਹੈਲਮੇਟ ਨਾ ਪਾਉਣ ‘ਤੇ ਸਵਾਲ ਕੀਤਾ। ਇਸ ‘ਤੇ ਪੁਲਸ ਨੇ ਜਵਾਬ ਦਿੱਤਾ ਕਿ ਘਟਨਾ ਦਾ ਸਹੀ ਸਮਾਂ ਦੱਸਿਆ ਜਾਵੇ ਤਾਂ ਜੋ ਮਾਮਲੇ ‘ਚ ਅਗਲੀ ਕਾਰਵਾਈ ਕੀਤੀ ਜਾ ਸਕੇ। ਇਸ ‘ਤੇ ਫੋਟੋ ਪੋਸਟ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਇਹ ਫੋਟੋ 24 ਅਕਤੂਬਰ ਨੂੰ ਸਵੇਰੇ 8.51 ਵਜੇ ਕਲੋਨੀ ਨੰਬਰ 4 ਲਾਈਟ ਪੁਆਇੰਟ ਨੇੜੇ ਹੈ। ਇਸ ਤੋਂ ਬਾਅਦ ਪੁਲਿਸ ਨੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਵਾਇਲੇਸ਼ਨ ਆਈਡੀ ਜਾਰੀ ਕਰਕੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਵੀ ਕਈ ਵਾਰ ਪੁਲਿਸ ਮੁਲਾਜ਼ਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਲੋਕਾਂ ਦੇ ਸਮਾਰਟ ਕੈਮਰਿਆਂ ‘ਚ ਕੈਦ ਹੋ ਚੁੱਕੇ ਹਨ। ਦੱਸ ਦੇਈਏ ਕਿ ਚੰਡੀਗੜ੍ਹ ਪੜ੍ਹੇ-ਲਿਖੇ ਲੋਕਾਂ ਦਾ ਸ਼ਹਿਰ ਹੈ ਅਤੇ ਲੋਕ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਚੰਡੀਗੜ੍ਹ ਟਰੈਫਿਕ ਪੁਲੀਸ ਅਤੇ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਵੀ ਟਵਿੱਟਰ ’ਤੇ ਖਾਤੇ ਹਨ। ਦੂਜੇ ਪਾਸੇ ਸ਼ਹਿਰ ਦੇ ਲਾਈਟ ਪੁਆਇੰਟਾਂ ਅਤੇ ਚੌਰਾਹਿਆਂ ‘ਤੇ ਲਗਾਏ ਗਏ ਸਮਾਰਟ ਕੈਮਰਿਆਂ ਦੀ ਮਦਦ ਨਾਲ ਚੰਡੀਗੜ੍ਹ ਪੁਲਿਸ ਲਗਾਤਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਰਹੀ ਹੈ। ਇਹ ਸਮਾਰਟ ਕੈਮਰੇ ਇਸ ਸਾਲ ਮਾਰਚ ਤੋਂ ਸ਼ਹਿਰ ਵਿੱਚ ਚਾਲੂ ਹਨ।