ਜਲੰਧਰ, 28 ਅਕਤੂਬਰ 2022 – ਜਲੰਧਰ ਸ਼ਹਿਰ ‘ਚ ਪਿਸਤੌਲ ਨਾਲ ਹਵਾਈ ਫਾਇਰ ਕਰਨ ਦਾ ਪਿਛਲਾ ਮਾਮਲਾ ਅਜੇ ਠੰਡਾ ਵੀ ਨਹੀਂ ਸੀ ਹੋਇਆ ਕਿ ਹੁਣ ਉਸੇ ਤਰਜ਼ ‘ਤੇ ਹਵਾਈ ਫਾਇਰਿੰਗ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪਿਛਲੀ ਵਾਰ ਜਲੰਧਰ ‘ਚ ਇੱਕ ਲੜਕੀ ਨੇ ਵਿਦੇਸ਼ ਜਾਣ ਤੋਂ ਪਹਿਲਾਂ ਇੱਕ ਪਾਰਟੀ ਤੋਂ ਬਾਅਦ ਖੁਸ਼ੀ ਵਿੱਚ ਆਪਣੇ ਰਿਸ਼ਤੇਦਾਰ ਦੀ ਲਾਇਸੈਂਸੀ ਪਿਸਤੌਲ ਨਾਲ ਹਵਾਈ ਫਾਇਰ ਕੀਤੇ ਸੀ। ਹੁਣ ਸ਼ਹਿਰ ਦੀ ਇੱਕ ਹੋਰ ਲੜਕੀ ਵੱਲੋਂ ਹਵਾ ਵਿੱਚ ਫਾਇਰਿੰਗ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਵੀਡੀਓ ‘ਚ ਲੜਕੀ ਹੱਥ ‘ਚ ਪਿਸਤੌਲ ਲੈ ਕੇ ਵਿਹੜੇ ‘ਚ ਆਪਣੇ ਘਰ ਦੇ ਗੇਟ ‘ਤੇ ਖੜ੍ਹੀ ਹੈ। ਉਹ ਫਿਰ ਪਿਸਤੌਲ ਨੂੰ ਅਸਮਾਨ ਵੱਲ ਕਰਕੇ ਡਰਦੀ ਹੋਈ ਹਵਾਈ ਫਾਇਰ ਕਰਦੀ ਹੈ। ਗੋਲੀਆਂ ਚਲਾਉਂਦੇ ਹੋਏ ਉਹ ਉੱਪਰ ਤੱਕ ਨਹੀਂ ਦੇਖ ਰਹੀ ਹੈ। ਜਿਸ ਤਰ੍ਹਾਂ ਉਹ ਹਵਾ ‘ਚ ਫਾਇਰਿੰਗ ਕਰ ਰਹੀ ਹੈ, ਉੱਚੀ ਛੱਤ ‘ਤੇ ਖੜ੍ਹਾ ਕੋਈ ਵੀ ਗੋਲੀਆਂ ਦਾ ਸ਼ਿਕਾਰ ਹੋ ਸਕਦਾ ਸੀ। ਵੀਡੀਓ ‘ਚ ਗੋਲੀ ਚਲਾਉਣ ਵਾਲੀ ਲੜਕੀ ਨਾਬਾਲਗ ਜਾਪਦੀ ਹੈ। ਹਵਾਈ ਫਾਇਰਿੰਗ ਦੀ ਇਹ ਘਟਨਾ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਦੀ ਦੱਸੀ ਜਾ ਰਹੀ ਹੈ।
ਇਸੇ ਤਰ੍ਹਾਂ ਹਵਾਈ ਫਾਇਰਿੰਗ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਵੀ ਜਲੰਧਰ ਸ਼ਹਿਰ ਦੀ ਹੀ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਇਕ ਨਰਮ ਉਮਰ ਦਾ ਨੌਜਵਾਨ ਡਬਲ ਬੈਰਲ ਬੰਦੂਕ ਨਾਲ ਹਵਾਈ ਫਾਇਰ ਕਰ ਰਿਹਾ ਹੈ। ਵੀਡੀਓ ਦੀਵਾਲੀ ਵਾਲੀ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਨੌਜਵਾਨ ਬੰਦੂਕ ਨਾਲ ਫਾਇਰਿੰਗ ਕਰ ਰਿਹਾ ਹੈ।
ਜਦਕਿ ਦੂਜੇ ਪਾਸੇ ਜਲੰਧਰ ਪੁਲਿਸ ਹੱਥ ‘ਤੇ ਹੱਥ ਧਰ ਕੇ ਬੈਠੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਝੂਠੀ ਸ਼ਾਨ ਲਈ ਕੀਤੀ ਗੋਲੀਬਾਰੀ ਦੀ ਵੀਡੀਓਜ਼ ਦੀ ਪੁਲਿਸ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ ਹੈ।