ਲੁਧਿਆਣਾ, 28 ਅਕਤੂਬਰ 2022 – ਲੁਧਿਆਣਾ ‘ਚ ਪਤੀ ਵੱਲੋਂ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਨੇ ਔਰਤ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਘਟਨਾ ਨਿਊ ਜਨਤਾ ਨਗਰ ਦੀ ਹੈ। ਔਰਤ ਆਪਣੇ ਪੇਕੇ ਘਰ ਆਈ ਹੋਈ ਸੀ। ਮੁਲਜ਼ਮ ਨੇ ਅੱਜ ਸਵੇਰੇ ਸਹੁਰੇ ਘਰ ਦਾਖ਼ਲ ਹੋ ਕੇ ਚਾਕੂਆਂ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ।
ਮਰਨ ਵਾਲੀ ਔਰਤ ਦੀ ਪਛਾਣ ਲਕਸ਼ਮੀ ਦੇਵੀ ਵਜੋਂ ਹੋਈ ਹੈ। ਕਤਲ ਕਰਨ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਨਿਤੀਆ ਕੁਮਾਰ ਵਜੋਂ ਹੋਈ ਹੈ। ਮੁਲਜ਼ਮਾਂ ਨੇ ਕਤਲ ਕਿਸ ਕਾਰਨ ਕੀਤਾ, ਇਹ ਜਾਂਚ ਦਾ ਵਿਸ਼ਾ ਹੈ। ਕਤਲ ਦੇ ਕਾਰਨਾਂ ਦਾ ਪਤਾ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਲੱਗੇਗਾ।
ਕਤਲ ਤੋਂ ਬਾਅਦ ਕਮਰੇ ‘ਚ ਔਰਤ ਦੀ ਲਾਸ਼ ਪਈ ਦੇਖ ਕੇ ਪਰਿਵਾਰ ਵਾਲਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕਤਲ ਦੀ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਇਕੱਠੇ ਹੋ ਗਏ। ਇਲਾਕਾ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੇ ਐੱਸਐੱਚਓ ਪ੍ਰਮੋਦ ਕੁਮਾਰ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਅਨੁਸਾਰ ਔਰਤ ਦੇ ਪਤੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਸ ਮੁਤਾਬਕ ਦੋਸ਼ੀ ਪਤੀ ਨੇ ਬਿਨਾਂ ਰੁਕੇ ਲਗਾਤਾਰ 6 ਵਾਰ ਲਕਸ਼ਮੀ ‘ਤੇ ਚਾਕੂ ਨਾਲ ਵਾਰ ਕੀਤੇ। ਲਕਸ਼ਮੀ ਨੇ ਮਦਦ ਲਈ ਦੁਹਾਈ ਦਿੱਤੀ ਪਰ ਜਦੋਂ ਕੋਈ ਉਸਦੀ ਮਦਦ ਲਈ ਆਇਆ ਤਾਂ ਉਸਦੀ ਮੌਤ ਹੋ ਗਈ। ਲਕਸ਼ਮੀ ਨੂੰ ਲਹੂ-ਲੁਹਾਨ ਹਾਲਤ ‘ਚ ਦੇਖ ਕੇ ਉਹ ਵੀ ਉਸ ਨੂੰ ਸਿਵਲ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦਾ ਪਤੀ ਬਿਹਾਰ ਦੇ ਚੰਪਾਰਨ ਪੱਛਮੀ ਜ਼ਿਲ੍ਹੇ ਵਿੱਚ ਲਕਸ਼ਮੀ ਨਾਲ ਰਹਿੰਦਾ ਸੀ। ਉੱਥੇ ਹੀ ਪਰਿਵਾਰ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਲਕਸ਼ਮੀ ਬਿਹਾਰ ਤੋਂ ਇੱਥੇ ਲੁਧਿਆਣਾ ਵਿੱਚ ਆਪਣੇ ਪੇਕੇ ਘਰ ਰਹਿਣ ਲੱਗੀ। ਅੱਜ ਮੁਲਜ਼ਮ ਪਤੀ ਉਸ ਨੂੰ ਮਿਲਣ ਦੇ ਬਹਾਨੇ ਆਇਆ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ। ਲਕਸ਼ਮੀ ਦਾ ਵਿਆਹ ਕਰੀਬ 1 ਸਾਲ ਪਹਿਲਾਂ ਹੋਇਆ ਸੀ।
ਸੀਪੀ ਸ਼ਰਮਾ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਤੀ ਨਿਤੀਆ ਕੁਮਾਰ ਅੱਜ ਸਵੇਰੇ ਹੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਰੇਲ ਗੱਡੀ ਰਾਹੀਂ ਫਰਾਰ ਹੋ ਗਿਆ ਹੈ। ਮੁਲਜ਼ਮ ਦੇ ਟਿਕਾਣੇ ਪੁਲੀਸ ਕੋਲ ਹਨ। ਇਸ ਮਾਮਲੇ ਵਿੱਚ ਜੀਆਰਪੀ ਅਤੇ ਆਰਪੀਐਫ ਨੂੰ ਅਲਰਟ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਟੀਮਾਂ ਗੱਡੀਆਂ ਵਿੱਚ ਰਵਾਨਾ ਹੋ ਗਈਆਂ ਹਨ। ਇਸ ਦੇ ਨਾਲ ਹੀ ਸਾਰੇ ਸਟੇਸ਼ਨਾਂ ‘ਤੇ ਵਾਇਰਲੈੱਸ ਆਦਿ ਕਰ ਦਿੱਤੇ ਗਏ ਹਨ।