ਨਵੀਂ ਦਿੱਲੀ, 29 ਅਕਤੂਬਰ 2022 – ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਆਈਐਸਆਈ ਵੱਲੋਂ ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ 5 ਚੀਨੀ ਹੈਂਡ ਗ੍ਰੇਨੇਡ, ਏ.ਕੇ.-47, ਇੱਕ ਐਮਪੀ-5 ਰਾਈਫਲ ਅਤੇ 9 ਸੈਮੀ-ਆਟੋਮੈਟਿਕ ਸਮੇਤ 11 ਪਿਸਤੌਲਾਂ ਅਤੇ 35 ਤੋਂ ਵੱਧ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮਾਮਲੇ ਵਿੱਚ ਚਾਰ ਸ਼ਾਰਪ ਸ਼ੂਟਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਪੈਸ਼ਲ ਸੈੱਲ ਨੂੰ ਸਰਹੱਦੀ ਸੂਬੇ ਪੰਜਾਬ ਅਤੇ ਦਿੱਲੀ ਐਨਸੀਆਰ ਵਿੱਚ ਅੱਤਵਾਦੀ ਗਠਜੋੜ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਿੱਚ ਇਹ ਵੱਡੀ ਸਫਲਤਾ ਮਿਲੀ ਹੈ। ਏਸੀਪੀ ਰਾਹੁਲ ਵਿਕਰਮ ਦੀ ਨਿਗਰਾਨੀ ਹੇਠ ਇੰਸਪੈਕਟਰ ਵਿਕਰਮ ਅਤੇ ਨਿਸ਼ਾਂਤ ਦੀ ਅਗਵਾਈ ਵਿੱਚ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸਪੈਸ਼ਲ ਸੈੱਲ ਦੀ ਟੀਮ ਨੇ ਪਾਕਿਸਤਾਨ ਸਮਰਥਿਤ ਖਾਲਿਸਤਾਨੀ ਗਠਜੋੜ ਦੇ 4 ਸ਼ੂਟਰ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਕੈਨੇਡਾ ਸਥਿਤ ਗੈਂਗਸਟਰ ਬਣੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।