- ਅੱਤਵਾਦੀ ਰਿੰਦਾ-ਲੰਡਾ ਲਈ ਕਰਦਾ ਸੀ ਕੰਮ
ਅੰਮ੍ਰਿਤਸਰ, 30 ਅਕਤੂਬਰ 2022 – ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰਾਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪਾਕਿਸਤਾਨ ਦੇ ਆਈਐਸਆਈ ਸਮਰਥਿਤ ਦਹਿਸ਼ਤੀ ਮਾਡਿਊਲ ਦੇ ਚਾਰ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ 21 ਸਾਲਾ ਗੁਰਿੰਦਰ ਸਿੰਘ ਉਰਫ਼ ਗੁਰੀ ਵਾਸੀ ਜੰਡਿਆਲਾਗੁਰੂ ਵੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਉਹੀ ਮੁਲਜ਼ਮ ਹੈ ਜਿਸ ਨੇ ਬੀਤੀ 30 ਮਈ ਨੂੰ ਖ਼ਾਲਸਾ ਕਾਲਜ ਤੋਂ ਬਾਅਦ ਬੈਂਕ ਵਿੱਚ ਕੰਮ ਕਰਦੇ ਬਟਾਲਾ ਵਾਸੀ ਲਵਪ੍ਰੀਤ ਦਾ ਕਤਲ ਕਰ ਦਿੱਤਾ ਸੀ। ਗੁਰੀ ਗੈਂਗਸਟਰ ਦੀਪਕ ਟੀਨੂੰ ਦਾ ਸਾਥੀ ਹੈ।
ਦਿੱਲੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਿੰਦਰ ਆਈ.ਐਸ.ਆਈ. ਸਮਰਥਿਤ ਅੱਤਵਾਦੀ ਮਾਡਿਊਲ ਦਾ ਹਿੱਸਾ ਹੈ, ਜੋ ਕੈਨੇਡਾ ‘ਚ ਬੈਠੇ ਲਖਵਿੰਦਰ ਸਿੰਘ ਲੰਡਾ ਅਤੇ ਪਾਕਿਸਤਾਨ ‘ਚ ਬੈਠੇ ਹਰਵਿੰਦਰ ਉਰਫ਼ ਰਿੰਦਾ ਦੇ ਇਸ਼ਾਰੇ ‘ਤੇ ਪਾਕਿਸਤਾਨ ਤੋਂ ਹਥਿਆਰ ਮੰਗਵਾਉਂਦਾ ਸੀ। ਇੰਨਾ ਹੀ ਨਹੀਂ ਪੰਜਾਬ ਪੁਲਸ ਦੀ ਗ੍ਰਿਫਤ ‘ਚੋਂ ਫਰਾਰ ਹੋਏ ਦੀਪਕ ਉਰਫ ਟੀਨੂੰ ਦਾ ਉਹ ਇਕਲੌਤਾ ਸਾਥੀ ਹੈ। ਗੁਰੀ ਦੇ ਨਾਲ-ਨਾਲ ਦਿੱਲੀ ਪੁਲਿਸ ਨੇ 31 ਸਾਲਾ ਲਖਵਿੰਦਰ ਸਿੰਘ ਉਰਫ ਮਟਰੂ, 26 ਸਾਲਾ ਹਰਮਿੰਦਰ ਸਿੰਘ ਅਤੇ 28 ਸਾਲਾ ਸੁਖਦੇਵ ਸਿੰਘ ਉਰਫ ਸੁੱਖਾ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਡੀਸੀਪੀ ਸਪੈਸ਼ਲ ਸੈੱਲ ਮਨੀਸ਼ੀ ਚੰਦਰਾ ਅਨੁਸਾਰ ਇਸ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ 24 ਸਤੰਬਰ ਨੂੰ ਕੀਤੀ ਗਈ ਸੀ। ਜਦੋਂ ਅਪਰਾਧੀ ਮਟਰੂ ਦਿੱਲੀ ਦੇ ਸਰਾਏ ਕਾਲੇ ਖਾਂ ਤੋਂ ਫੜਿਆ ਗਿਆ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਦਿੱਲੀ ਪੁਲਸ ਗੁਰੀ ਅਤੇ ਹੋਰ ਸਾਥੀਆਂ ਤੱਕ ਪਹੁੰਚ ਗਈ।
ਅੰਮ੍ਰਿਤਸਰ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ 30 ਮਈ ਨੂੰ ਖਾਲਸਾ ਕਾਲਜ ਦੇ ਬਾਹਰ ਗੋਲੀ ਚਲਾਈ ਗਈ ਸੀ। ਜਿਸ ਵਿੱਚ ਬਟਾਲਾ ਦਾ ਲਵਪ੍ਰੀਤ ਮਾਰਿਆ ਗਿਆ। ਪਹਿਲਾਂ ਤਾਂ ਇਹ ਲੜਕੀ ਦੀ ਵੀਡੀਓ ਵਾਇਰਲ ਹੋਣ ਨੂੰ ਲੈ ਕੇ ਝਗੜਾ ਮੰਨਿਆ ਜਾ ਰਿਹਾ ਸੀ ਪਰ ਬਾਅਦ ‘ਚ ਪੁਲਸ ਨੇ ਇਸ ਮਾਮਲੇ ‘ਚ ਗੁਰੀ, ਗੁਰਜੰਟ ਸਿੰਘ, ਮਨਜਿੰਦਰ ਸਿੰਘ ਵਾਸੀ ਚਵਿੰਡਾ ਦੇਵੀ, ਰਵਿੰਦਰ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦਿੱਲੀ ਪੁਲਸ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਸ ਜਲਦ ਹੀ ਗੁਰੀ ਨੂੰ ਟਰਾਂਜ਼ਿਟ ਰਿਮਾਂਡ ‘ਤੇ ਅੰਮ੍ਰਿਤਸਰ ਲਿਆ ਸਕਦੀ ਹੈ।