ਲੁਧਿਆਣਾ, 30 ਅਕਤੂਬਰ 2022 – ਲੁਧਿਆਣਾ ‘ਚ 4 ਸਾਲਾਂ ਤੋਂ ਆਰਪੀਐਫ ‘ਚ ਰੇਲਵੇ ਪ੍ਰਾਪਰਟੀ ਚੋਰੀ ਦੇ ਮਾਮਲੇ ‘ਚ ਭਗੌੜਾ ਚੱਲ ਰਿਹਾ ਦੋਸ਼ੀ ਕਾਬੂ ਕੀਤਾ ਗਿਆ ਹੈ। ਆਰਪੀਐਫ, ਜੀਆਰਪੀ ਜਾਂ ਜ਼ਿਲ੍ਹਾ ਪੁਲੀਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸਗੋਂ ਇਸ ਬਦਮਾਸ਼ ਨੂੰ ਜਮਾਨਤ ਦੇਣ ਵਾਲੇ ਨੇ ਹੀ ਲੁਧਿਆਣਾ ਦੇ ਜਗਰਾਓਂ ਪੁਲ ਤੋਂ ਫੜਿਆ ਹੈ।
ਜ਼ਮਾਨਤ ਦੀ ਗਾਰੰਟੀ ਦੇਣ ਵਾਲੇ ਵਿਅਕਤੀ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਕਿ ਭਗੌੜਾ ਸੁਨੀਲ ਅੱਜ-ਕੱਲ੍ਹ ਜਗਰਾਉਂ ਪੁਲ ‘ਤੇ ਘੁੰਮ ਰਿਹਾ ਹੈ। ਇਸ ਤੋਂ ਬਾਅਦ ਉਹ ਤੁਰੰਤ ਟੈਕਸੀ ਲੈ ਕੇ ਜਗਰਾਉਂ ਪੁਲ ‘ਤੇ ਪਹੁੰਚਿਆ ਅਤੇ ਸੁਨੀਲ ਨੂੰ ਫੜ ਲਿਆ। ਜ਼ਮਾਨਤ ਹਾਸਲ ਕਰ ਚੁੱਕੇ ਮੁਕੇਸ਼ ਨੇ ਦੱਸਿਆ ਕਿ ਉਹ ਨਗਰ ਨਿਗਮ ਵਿੱਚ ਕੱਚਾ ਮੁਲਾਜ਼ਮ ਹੈ।
ਸ਼ਾਮ ਨੂੰ ਉਸਦਾ ਪਰਿਵਾਰ ਸਬਜ਼ੀ ਮੰਡੀ ਵਿੱਚ ਸਬਜ਼ੀ ਵੇਚਦਾ ਹੈ। ਇਹ ਮਾਮਲਾ 2018 ਦਾ ਜਦੋਂ, ਮੁਲਜ਼ਮ ਦੀ ਗਲੀ ਦੇ ਨੇੜੇ ਇੱਕ ਹੋਰ ਰੇਹੜੀ ਵਾਲੇ ਨੇ ਉਸਨੂੰ ਦੱਸਿਆ ਕਿ ਇੱਕ ਵਿਅਕਤੀ ਨੂੰ ਜਲੰਧਰ ਆਰਪੀਐਫ ਨੇ ਜਬਰੀ ਪੁਲਿਸ ਮੁਲਾਜ਼ਮ ‘ਤੇ ਹਮਲੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ।
ਫੜਿਆ ਗਿਆ ਮੁਲਜ਼ਮ ਬਹੁਤ ਗਰੀਬ ਹੈ, ਉਸ ਨੂੰ ਜ਼ਮਾਨਤ ਦਿੱਤੀ ਜਾਵੇ। ਮੁਕੇਸ਼ ਨੇ ਦੱਸਿਆ ਕਿ ਉਸ ਨੇ ਮਿਹਰਬਾਨੀ ਦਿਖਾਉਂਦੇ ਹੋਏ ਸੁਨੀਲ ਦੀ ਜ਼ਮਾਨਤ ਕਰਵਾ ਦਿੱਤੀ ਅਤੇ ਆਪਣੀ ਗਾਰੰਟੀ ਵੀ ਦਿੱਤੀ। ਜ਼ਮਾਨਤ ਤੋਂ ਬਾਅਦ ਸੁਨੀਲ ਅਦਾਲਤ ਦੀ ਤਰੀਕ ‘ਤੇ ਨਹੀਂ ਗਿਆ। ਇਸ ਤੋਂ ਬਾਅਦ ਸੁਨੀਲ ਫਰਾਰ ਹੋ ਗਿਆ। ਪਿਛਲੇ 4 ਸਾਲਾਂ ਤੋਂ ਲਗਾਤਾਰ ਉਹ ਸੁਨੀਲ ਨੂੰ ਲੱਭ ਰਿਹਾ ਸੀ।
ਜ਼ਮਾਨਤ ਦੇਣ ਵਾਲੇ ਮੁਕੇਸ਼ ਨੇ ਦੱਸਿਆ ਕੇ ਸੁਨੀਲ ਨੂੰ ਫੜਨ ‘ਚ ਹੁਣ ਤੱਕ ਕਰੀਬ 1.50 ਲੱਖ ਰੁਪਏ ਖਰਚ ਹੋ ਚੁੱਕੇ ਹਨ। ਅਦਾਲਤ ਤੋਂ ਹਰ ਮਹੀਨੇ ਆਰਡਰ ਆਉਂਦੇ ਰਹਿੰਦੇ ਸਨ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਇਸ ਕਾਰਨ ਉਹ ਕਰੀਬ 4 ਸਾਲ ਤੱਕ ਆਪਣਾ ਕਾਰੋਬਾਰ ਛੱਡ ਕੇ, ਨੁਕਸਾਨ ਝੱਲ ਕੇ ਸੁਨੀਲ ਨੂੰ ਲੱਭਦਾ ਰਿਹਾ।
ਮੁਕੇਸ਼ ਨੇ ਦੱਸਿਆ ਕਿ ਉਹ ਪੁਲਾਂ ਅਤੇ ਹੋਰ ਜਨਤਕ ਥਾਵਾਂ ‘ਤੇ ਭੀਖ ਮੰਗਣ ਵਾਲੇ ਲੋਕਾਂ ਨੂੰ ਕਦੇ 50 ਰੁਪਏ ਅਤੇ ਕਦੇ 100 ਰੁਪਏ ਦਿੰਦਾ ਸੀ। ਉਸ ਨੇ ਮੁਲਜ਼ਮ ਦੀ ਫੋਟੋ ਮੰਗਤਿਆਂ ਵਿੱਚ ਵੰਡ ਦਿੱਤੀ ਸੀ। ਅੱਜ ਉਨ੍ਹਾਂ ਵਿੱਚੋਂ ਇੱਕ ਨੇ ਉਸ ਨੂੰ ਦੱਸਿਆ ਕਿ ਭਗੌੜਾ ਸੁਨੀਲ ਜਗਰਾਉਂ ਪੁਲ ’ਤੇ ਖੜ੍ਹਾ ਹੈ।
ਸੂਚਨਾ ਮਿਲਣ ‘ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਨੇ ਜਗਰਾਉਂ ਪੁਲ ’ਤੇ ਕਾਫੀ ਹੰਗਾਮਾ ਕੀਤਾ ਪਰ ਮੌਕੇ ’ਤੇ ਫੋਰਸ ਹੋਣ ਕਾਰਨ ਮੁਲਜ਼ਮ ਫੜਿਆ ਗਿਆ। ਮੁਲਜ਼ਮ ਕੋਲੋਂ ਅਫੀਮ ਵੀ ਬਰਾਮਦ ਹੋਈ ਹੈ। ਮੁਕੇਸ਼ ਖੁਦ ਮੁਲਜ਼ਮ ਸੁਨੀਲ ਨੂੰ ਥਾਣਾ ਡਿਵੀਜ਼ਨ ਨੰਬਰ 5 ਲੈ ਗਿਆ। ਪਤਾ ਲੱਗਾ ਹੈ ਕਿ ਸੁਨੀਲ ਨੂੰ ਚੁੱਕਣ ਲਈ ਆਰਪੀਐਫ ਜਲੰਧਰ ਦੇ ਮੁਲਾਜ਼ਮ ਆਏ ਸਨ ਪਰ ਅਫੀਮ ਬਰਾਮਦ ਹੋਣ ਕਾਰਨ ਹੁਣ ਪਹਿਲਾਂ ਥਾਣਾ ਡਿਵੀਜ਼ਨ ਨੰਬਰ 5 ਵਿੱਚ ਸੁਨੀਲ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸੁਨੀਲ ਨੂੰ RPF ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਜਾਵੇਗਾ।
ਦੱਸ ਦੇਈਏ ਕਿ ਦੋਸ਼ੀ ਸੁਨੀਲ ਨੇ ਖੁਦ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਹ ਰੇਲਵੇ ਪੁਲਸ ਦਾ ਭਗੌੜਾ ਹੈ ਅਤੇ ਉਸ ਨੂੰ ਰੇਲਵੇ ਪੁਲਸ ਨਾਲ ਮਿਲ ਕੇ ਫੜਿਆ ਜਾਵੇ। ਕੁਝ ਸਮੇਂ ਬਾਅਦ ਜਦੋਂ ਮੁਲਜ਼ਮ ਦੀ ਜੇਬ ਵਿੱਚੋਂ ਅਫੀਮ ਬਰਾਮਦ ਹੋਈ ਤਾਂ ਪਤਾ ਲੱਗਾ ਕਿ ਉਹ ਅਫੀਮ ਦੀ ਤਸਕਰੀ ਵੀ ਕਰਦਾ ਹੈ ਅਤੇ ਗੱਡੀਆਂ ਵਿੱਚ ਚੋਰੀਆਂ ਵੀ ਕਰਦਾ ਹੈ।