ਲੁਧਿਆਣਾ, 30 ਅਕਤੂਬਰ 2022 – ਕੇਂਦਰੀ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਨੂੰ ਹਾਈ ਸਕਿਓਰਿਟੀ ਜ਼ੋਨ ਤੋਂ ਬਾਹਰ ਕਰਵਾਉਣ ਲਈ ਉਸ ਦੇ ਸਾਥੀ ਨੇ ਜੇਲ੍ਹ ਸੁਪਰਡੈਂਟ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ। ਮੁਲਜ਼ਮ ਪਹਿਲਾਂ ਖ਼ੁਦ ਨੂੰ ਸੁਪਰੀਮ ਕੋਰਟ ਦਾ ਚੀਫ਼ ਜਸਟਿਸ ਦੱਸਦਾ ਰਿਹਾ। ਬਾਅਦ ਵਿੱਚ ਉਹ ਕਹਿਣ ਲੱਗਿਆ ਕਿ ਉਹ ਕਾਂਗਰਸ ਦਾ ਸੂਬਾ ਪ੍ਰਧਾਨ ਹੈ।
ਹੁਣ ਤਾਜਪੁਰ ਚੌਕੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਐਸਆਈ ਸਤਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ’ਤੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲੀਸ ਨੂੰ ਭੇਜੀ ਸ਼ਿਕਾਇਤ ਅਨੁਸਾਰ ਪਿਛਲੇ ਦਿਨੀਂ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਦੇ ਮੋਬਾਈਲ ‘ਤੇ 95018-83971 ਨੰਬਰ ਤੋਂ ਫੋਨ ’ਤੇ ਕਾਲ ਆਈ ਸੀ। ਦੂਜੇ ਪਾਸੇ ਤੋਂ ਗੱਲ ਕਰਦੇ ਵਿਅਕਤੀ ਨੇ ਆਪਣੇ ਆਪ ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਗੁਰਵਿੰਦਰ ਸਿੰਘ ਦੱਸਦਿਆਂ ਕਿਹਾ ਕਿ ਕੇਂਦਰੀ ਜੇਲ੍ਹ ਦੇ ਉੱਚ ਸੁਰੱਖਿਆ ਜ਼ੋਨ ਵਿੱਚ ਬੰਦ ਹਵਾਲਾਤੀ ਵਰਿੰਦਰ ਠਾਕੁਰ ਉਰਫ਼ ਵਿੱਕੀ ਨੂੰ ਉੱਥੋਂ ਬਾਹਰ ਕੱਢਿਆ ਜਾਵੇ।
ਉਸ ਸਮੇਂ ਹਾਈ ਕੋਰਟ ਦੇ ਜੱਜ ਦੀ ਜੇਲ੍ਹ ਵਿੱਚ ਫੇਰੀ ਕਾਰਨ ਇਹ ਗੱਲ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਦੇ ਦਿਮਾਗ ਵਿੱਚੋਂ ਨਿਕਲ ਗਈ ਸੀ। ਪਰ ਦੋ ਦਿਨ ਬਾਅਦ ਉਸ ਨੇ ਦੁਬਾਰਾ ਫੋਨ ਕੀਤਾ। ਆਪਣੇ ਆਪ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਦੱਸਦੇ ਹੋਏ ਦੋਸ਼ੀ ਨੇ ਕਿਹਾ ਕਿ ਜੇਕਰ ਵਿੱਕੀ ਨੂੰ ਉਥੋਂ ਨਾ ਕੱਢਿਆ ਗਿਆ ਤਾਂ ਉਹ ਮਾਮਲੇ ਦੀ ਸ਼ਿਕਾਇਤ ਐੱਸਸੀ ਕਮਿਸ਼ਨ ਕੋਲ ਕਰਨਗੇ। ਜਿਸ ‘ਤੇ ਰਿਪੋਰਟ ਬਣਾ ਕੇ ਉਸ ਖਿਲਾਫ ਮਾਮਲਾ ਦਰਜ ਕਰਨ ਲਈ ਪੁਲਸ ਨੂੰ ਭੇਜ ਦਿੱਤਾ ਗਿਆ।