- 6 ਕਰੋੜ ਦੀ ਲਾਗਤ ਨਾਲ ਬਣਿਆ ਹੈ ਹਸਪਤਾਲ
ਜਗਰਾਓਂ, 11 ਨਵੰਬਰ 2022 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਵਿਖੇ ਪਹੁੰਚ ਰਹੇ ਹਨ। ਮੁੱਖ ਮੰਤਰੀ ਮਾਨ ਸਿਵਲ ਹਸਪਤਾਲ ਜਗਰਾਉਂ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕਰਨਗੇ। ਸੀਐਮ ਮਾਨ ਦੀ ਫੇਰੀ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੋਮਵਾਰ ਨੂੰ ਵੀ ਪੂਰਾ ਦਿਨ ਸਿਵਲ ਹਸਪਤਾਲ ਪੁਲੀਸ ਛਾਉਣੀ ਵਿੱਚ ਤਬਦੀਲ ਰਿਹਾ।
ਇਸ ਦੇ ਨਾਲ ਹੀ ਅੱਜ ਸੁਰੱਖਿਆ ਕਾਰਨਾਂ ਕਰਕੇ ਸਿਵਲ ਹਸਪਤਾਲ ਦੇ ਆਲੇ-ਦੁਆਲੇ ਦਾ ਬਾਜ਼ਾਰ ਬੰਦ ਰਹੇਗਾ। ਪੁਲਿਸ ਨੇ ਦੁਪਹਿਰ 2 ਵਜੇ ਤੱਕ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਸਵੇਰ ਤੋਂ ਹੀ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਸਿਵਲ ਹਸਪਤਾਲ ਦੀ ਤਲਾਸ਼ੀ ਮੁਹਿੰਮ ਜਾਰੀ ਰੱਖੀ। ਸੀਐਮ ਮਾਨ ਅੱਜ ਸਵੇਰੇ 10 ਤੋਂ 11 ਵਜੇ ਦੇ ਵਿਚਕਾਰ ਪਹੁੰਚਣਗੇ। ਲੁਧਿਆਣਾ ਦਿਹਾਤੀ ਪੁਲਿਸ ਵੱਲੋਂ 3 ਥਾਵਾਂ ‘ਤੇ ਹੈਲੀਪੈਡ ਬਣਾਏ ਗਏ ਹਨ, ਜਿਨ੍ਹਾਂ ‘ਚੋਂ ਜੀ.ਐਚ. ਅਕੈਡਮੀ ਸਕੂਲ, ਸਿਟੀ ਯੂਨੀਵਰਸਿਟੀ ਅਤੇ ਪਸ਼ੂ ਮੰਡੀ ਸ਼ਾਮਿਲ ਹਨ | ਦੱਸ ਦੇਈਏ ਕਿ ਇਸ ਹਸਪਤਾਲ ਦੇ ਖੁੱਲ੍ਹਣ ਨਾਲ ਜਗਰਾਉਂ ਅਤੇ ਆਸ-ਪਾਸ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਲੋਕ ਹੁਣ ਸ਼ਹਿਰ ਦੇ ਹਸਪਤਾਲ ਵੱਲ ਨਹੀਂ ਭੱਜਣਗੇ। ਔਰਤਾਂ ਦੀ ਡਿਲੀਵਰੀ ਸੁਰੱਖਿਅਤ ਅਤੇ ਸੁਵਿਧਾਜਨਕ ਹੋ ਜਾਵੇਗੀ।