- ਹਾਈਕੋਰਟ ਦੇ ਹੁਕਮਾਂ ‘ਤੇ ਸੀ.ਬੀ.ਆਈ. ਨੇ ਕੀਤੀ ਜਾਂਚ
ਮੋਹਾਲੀ, 1 ਨਵੰਬਰ 2022 – ਨਸ਼ਾ ਤਸਕਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਜਾਂਚ ਤੋਂ ਬਾਅਦ ਸੀਬੀਆਈ ਨੇ ਐਸਟੀਐਫ ਦੇ ਏਆਈਜੀ ਰਛਪਾਲ ਸਿੰਘ ਸਮੇਤ 10 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਚਾਰਜਸ਼ੀਟ ਵਿੱਚ ਏਆਈਜੀ ਰਛਪਾਲ ਸਿੰਘ ਤੋਂ ਇਲਾਵਾ ਇੰਸਪੈਕਟਰ ਸੁਖਵਿੰਦਰ ਸਿੰਘ, ਸਬ ਇੰਸਪੈਕਟਰ ਪ੍ਰਭਜੀਤ ਸਿੰਘ ਤੇ ਬਲਵਿੰਦਰ ਸਿੰਘ, ਐਸਐਚਓ ਕੁਲਵਿੰਦਰ ਸਿੰਘ, ਐਸਐਚਓ ਸੁਰਜੀਤ ਸਿੰਘ, ਐਸਐਚਓ ਕੁਲਬੀਰ ਸਿੰਘ, ਐਸਐਚਓ ਬੇਅੰਤ ਸਿੰਘ, ਕੁਲਵੰਤ ਸਿੰਘ ਅਤੇ ਹੌਲਦਾਰ ਹੀਰਾ ਸਿੰਘ ਦੇ ਨਾਂ ਸ਼ਾਮਲ ਹਨ।
ਇਹ ਮਾਮਲਾ 2017 ਦਾ ਹੈ। ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਨੂੰ 3 ਅਗਸਤ 2017 ਨੂੰ STF ਅੰਮ੍ਰਿਤਸਰ ਪੁਲਸ ਨੇ ਸਿਵਲ ਹਸਪਤਾਲ ਪੱਟੀ ਤੋਂ ਗ੍ਰਿਫਤਾਰ ਕੀਤਾ ਸੀ। ਬਾਅਦ ‘ਚ ਉਸ ‘ਤੇ ਹੈਰੋਇਨ ਦਾ ਮਾਮਲਾ ਦਰਜ ਕੀਤਾ ਗਿਆ। ਉਸ ਕੋਲੋਂ 1 ਕਿਲੋ ਹੈਰੋਇਨ ਬਰਾਮਦ ਹੋਈ। ਉਸ ‘ਤੇ ਪਾਕਿਸਤਾਨ ਤੋਂ ਹੈਰੋਇਨ ਲਿਆਉਣ ਦਾ ਵੀ ਦੋਸ਼ ਸੀ। ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਬਲਵਿੰਦਰ ਨੇ ਫਿਰ ਹਾਈਕੋਰਟ ਨੂੰ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ।
ਐਸਟੀਐਫ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਹੈਰੋਇਨ ਦੀ ਇੱਕ ਹੋਰ ਖੇਪ ਭੌਰ ਸਿੰਘ ਨਾਮ ਦੇ ਮੁਲਜ਼ਮ ਦੇ ਖੇਤਾਂ ਵਿੱਚ ਦੱਬੀ ਹੋਈ ਸੀ। ਇਸ ਮਗਰੋਂ ਪੁਲੀਸ ਨੂੰ ਖੇਤ ਵਿੱਚੋਂ ਚਾਰ ਕਿਲੋ 530 ਗ੍ਰਾਮ ਹੈਰੋਇਨ, ਇੱਕ ਪਿਸਤੌਲ, ਤਿੰਨ ਮੈਗਜ਼ੀਨ ਅਤੇ 56 ਕਾਰਤੂਸ ਬਰਾਮਦ ਹੋਏ। ਪੁਲੀਸ ਨੇ ਬਾਅਦ ਵਿੱਚ ਬਲਵਿੰਦਰ ਸਿੰਘ, ਮੇਜਰ ਸਿੰਘ ਅਤੇ ਭੌਰ ਸਿੰਘ ਖ਼ਿਲਾਫ਼ ਅੰਮ੍ਰਿਤਸਰ ਦੀ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ। ਇਸ ਦੇ ਨਾਲ ਹੀ ਬਲਵਿੰਦਰ ਸਿੰਘ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਗਈ। ਇਸ ਵਿੱਚ ਗੁਰਜੰਟ ਸਿੰਘ ਦਾ ਕੋਈ ਜ਼ਿਕਰ ਨਹੀਂ ਸੀ।
ਬਲਵਿੰਦਰ ਸਿੰਘ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ। ਹਾਈ ਕੋਰਟ ਨੇ ਨਵੰਬਰ 2019 ਵਿੱਚ ਡੀਜੀਪੀ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਪ੍ਰਮੋਦ ਬਾਨ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ। ਜਾਂਚ ਵਿੱਚ ਬਲਵਿੰਦਰ ਸਿੰਘ ਦੀ ਕਾਲ ਡਿਟੇਲ, ਸੀਸੀਟੀਵੀ ਫੁਟੇਜ ਅਤੇ ਲੋਕੇਸ਼ਨ ਡੇਟਾ ਡੀਜੀਪੀ ਵੱਲੋਂ ਦਸੰਬਰ 2020 ਨੂੰ ਹਾਈ ਕੋਰਟ ਵਿੱਚ ਦਾਇਰ ਕੀਤਾ ਗਿਆ ਸੀ। ਕਾਲ ਡਿਟੇਲ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਸਵਾਲ ਉੱਠੇ ਅਤੇ ਜਨਵਰੀ 2021 ਨੂੰ ਹਾਈ ਕੋਰਟ ਨੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ।
ਦੋਸ਼ ਹਨ ਕੇ ਤਫ਼ਤੀਸ਼ ਦੌਰਾਨ ਗੁਰਜੰਟ ਸਿੰਘ ਉਰਫ਼ ਸੋਨੂੰ ਨਾਮ ਦੇ ਵਿਅਕਤੀ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ। ਸਾਰੀ ਹੈਰੋਇਨ ਬਲਵਿੰਦਰ ਸਿੰਘ ਦੇ ਨਾਂ ‘ਤੇ ਦਿਖਾਈ ਗਈ ਸੀ। ਜਦਕਿ ਗੁਰਜੰਟ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਬਲਵਿੰਦਰ ਸਿੰਘ ਨੂੰ ਫਸਾਉਣ ਲਈ ਝੂਠੀ ਕਹਾਣੀ ਪੇਸ਼ ਕੀਤੀ।