ਚੰਡੀਗੜ੍ਹ, 2 ਨਵੰਬਰ 2022 – ‘ਆਪ’ ਦੇ ਸੱਤਾ ‘ਚ ਆਉਣ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਐਕਟਿਵ ਮੋਡ ‘ਚ ਹੈ। ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੰਤਰੀਆਂ ਸਮੇਤ ਸਿਵਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਲਗਾਤਾਰ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਪਿਛਲੇ 7 ਮਹੀਨਿਆਂ ਵਿੱਚ ਕੁੱਲ 3,54,882 ਸ਼ਿਕਾਇਤਾਂ ਵਿਜੀਲੈਂਸ ਕੋਲ ਪਹੁੰਚੀਆਂ ਹਨ। ਇਨ੍ਹਾਂ ਵਿੱਚੋਂ 5551 ਸ਼ਿਕਾਇਤਕਰਤਾਵਾਂ ਨੇ ਸ਼ਿਕਾਇਤ ਦੇ ਨਾਲ ਆਡੀਓ ਅਤੇ ਵੀਡੀਓ ਰਿਕਾਰਡਿੰਗ ਵੀ ਵਿਜੀਲੈਂਸ ਨੂੰ ਭੇਜੀ ਹੈ।
ਕੁੱਲ 2709 ਸ਼ਿਕਾਇਤਾਂ ਦੇ ਮਾਮਲੇ ਹੋਰ ਸਬੰਧਤ ਵਿਭਾਗਾਂ ਨੂੰ ਭੇਜੇ ਗਏ ਹਨ। ਵਿਜੀਲੈਂਸ ਨੂੰ ਆਡੀਓ-ਵੀਡੀਓ ਰਿਕਾਰਡਿੰਗ ਸਮੇਤ 221 ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਤਹਿਤ ਵੱਖ-ਵੱਖ ਥਾਣਿਆਂ ਵਿੱਚ ਕੁੱਲ 50 ਐਫ.ਆਈ.ਆਰਜ਼ ਦਰਜ ਕੀਤੀਆਂ ਹਨ।
ਅੰਮ੍ਰਿਤਸਰ ਵਿੱਚ 5, ਜਲੰਧਰ ਵਿੱਚ 7, ਜਲੰਧਰ ਦਿਹਾਤੀ ਵਿੱਚ 1, ਲੁਧਿਆਣਾ ਵਿੱਚ 6, ਹੁਸ਼ਿਆਰਪੁਰ ਵਿੱਚ 1, ਫਿਰੋਜ਼ਪੁਰ ਵਿੱਚ 9, ਰੂਪਨਗਰ ਵਿੱਚ 6, ਪਟਿਆਲਾ ਵਿੱਚ 6, ਬਠਿੰਡਾ ਵਿੱਚ 5 ਅਤੇ ਫਲਾਇੰਗ ਸਕੁਐਡ ਮੁਹਾਲੀ ਵਿੱਚ 4 ਕੇਸ ਦਰਜ ਕੀਤੇ ਗਏ ਹਨ। ਵਿਜੀਲੈਂਸ ਟੀਮਾਂ ਵੱਲੋਂ ਇਨ੍ਹਾਂ ਸਾਰੇ ਮਾਮਲਿਆਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਨ ਅਦਾਲਤ ਵਿੱਚ ਚਲਾਨ ਪੇਸ਼ ਹੋਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ 50 ਕੇਸਾਂ ਵਿੱਚ ਕੁੱਲ 68 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ ਕਈ ਇਸ ਵੇਲੇ ਜੇਲ੍ਹ ਵਿੱਚ ਹਨ ਅਤੇ ਕਈ ਜ਼ਮਾਨਤ ’ਤੇ ਬਾਹਰ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ 26 ਆਮ ਨਾਗਰਿਕ, 20 ਪੁਲੀਸ ਅਧਿਕਾਰੀ, ਸਿਵਲ ਵਿਭਾਗ ਦੇ 22 ਅਤੇ 6 ਗਜ਼ਟਿਡ ਅਧਿਕਾਰੀ ਸ਼ਾਮਲ ਹਨ। ਵਿਭਾਗੀ ਉੱਚ ਅਧਿਕਾਰੀ ਵੀ ਇਨ੍ਹਾਂ ਮਾਮਲਿਆਂ ਦੇ ਜਾਂਚ ਅਧਿਕਾਰੀਆਂ ਤੋਂ ਸਮੇਂ-ਸਮੇਂ ‘ਤੇ ਕੇਸ ਦੀ ਪ੍ਰਗਤੀ ਰਿਪੋਰਟ ਪ੍ਰਾਪਤ ਕਰ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ 23 ਮਾਰਚ ਨੂੰ ਸਹੁੰ ਚੁੱਕਣ ਦੇ ਨਾਲ ਹੀ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ। ਵਿਜੀਲੈਂਸ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤਹਿਤ 5 ਕਾਂਗਰਸੀ ਮੰਤਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ‘ਆਪ’ ਤੋਂ ਸਾਬਕਾ ਕੈਬਨਿਟ ਮੰਤਰੀ ਵਿਜੇ ਸਿੰਗਲਾ ਸਮੇਤ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਅਤੇ ਸੁੰਦਰ ਸ਼ਾਮ ਅਰੋੜਾ ਸ਼ਾਮਲ ਹਨ। ਕਾਂਗਰਸ ਤੋਂ ਸਾਬਕਾ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਲਈ ਵੀ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ।
ਵਿਜੀਲੈਂਸ ਨੇ ਸਾਬਕਾ ਮੰਤਰੀਆਂ ਨੂੰ ਆਮਦਨ ਤੋਂ ਵੱਧ ਜਾਇਦਾਦ ਨਾਲ ਸਬੰਧਤ ਭ੍ਰਿਸ਼ਟਾਚਾਰ, ਰਿਸ਼ਵਤ ਦੀ ਕੋਸ਼ਿਸ਼ ਅਤੇ ਘੁਟਾਲੇ ਅਤੇ ਹੋਰ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਸੁੰਦਰ ਸ਼ਾਮ ਅਰੋੜਾ ਸਮੇਤ ਕਈ ਮੰਤਰੀ ਇਸ ਸਮੇਂ ਜੇਲ੍ਹ ਵਿੱਚ ਹਨ। ਜਦਕਿ ਕਈ ਜ਼ਮਾਨਤ ‘ਤੇ ਬਾਹਰ ਹਨ।
ਪੰਜਾਬ ਵਿਜੀਲੈਂਸ ਬਿਊਰੋ ਦੀਆਂ ਵੱਖ-ਵੱਖ ਟੀਮਾਂ ਨੇ ਮੰਗਲਵਾਰ ਨੂੰ ਇਕ ਤੋਂ ਬਾਅਦ ਇਕ ਛੇ ਅਧਿਕਾਰੀਆਂ/ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਵੱਲੋਂ ਬਿਊਰੋ ਰੇਂਜ ਦਫਤਰ ਅੰਮ੍ਰਿਤਸਰ ਵਿਖੇ ਤਾਇਨਾਤ ਇੰਸਪੈਕਟਰ ਅਮਲੋਕ ਸਿੰਘ ਨੂੰ 1000 ਰੁਪਏ ਦੀ ਰਿਸ਼ਵਤ ਦੀ ਮੰਗ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਸੇਵਾਮੁਕਤ ਪਟਵਾਰੀ ਹਰਬੰਸ ਸਿੰਘ ਨੂੰ ਮੌਤ ਦਰਜ ਕਰਵਾਉਣ ਦੇ ਬਦਲੇ 13,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਜਦਕਿ 2 ਸਕੂਲਾਂ ਦੇ ਪ੍ਰਿੰਸੀਪਲ ਨੂੰ 10,01,120 ਰੁਪਏ ਦੇ ਫੰਡਾਂ ਦੇ ਗਬਨ ਦੇ ਮਾਮਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਪੰਜਾਬ ਵਿਜੀਲੈਂਸ ਬਿਊਰੋ ਅਨੁਸਾਰ ਇਨ੍ਹਾਂ 7 ਮਹੀਨਿਆਂ ਦੌਰਾਨ ਆਮ ਕਿਸਮ ਦੀਆਂ 2621 ਬੇਬੁਨਿਆਦ ਸ਼ਿਕਾਇਤਾਂ ਵੀ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕੋਲ ਨਾ ਤਾਂ ਕੋਈ ਸਬੂਤ ਸੀ ਅਤੇ ਨਾ ਹੀ ਕਾਨੂੰਨ ਤਹਿਤ ਕੇਸ ਹਨ।