ਜੰਮੂ-ਕਸ਼ਮੀਰ, 2 ਨਵੰਬਰ 2022 – ਜੰਮੂ-ਕਸ਼ਮੀਰ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਅਵੰਤੀਪੋਰਾ ਵਿੱਚ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਮਾਰੇ ਗਏ। ਮਾਰੇ ਗਏ ਅੱਤਵਾਦੀਆਂ ‘ਚ ਪੁਲਵਾਮਾ ਦੇ ਮੁਖਤਾਰ ਅਹਿਮਦ ਭੱਟ ਅਤੇ ਸਕਲੈਨ ਮੁਸ਼ਤਾਕ ਸ਼ਾਮਲ ਹਨ। ਤੀਜਾ ਅੱਤਵਾਦੀ ਮੁਸ਼ਫੀਕ ਪਾਕਿਸਤਾਨ ਦਾ ਰਹਿਣ ਵਾਲਾ ਸੀ। ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਤਿੰਨੋਂ ਅੱਤਵਾਦੀ ਰਾਸ਼ਟਰੀ ਰਾਜਮਾਰਗ ਦੇ ਆਲੇ-ਦੁਆਲੇ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਸਨ। ਅੱਤਵਾਦੀਆਂ ਕੋਲੋਂ ਇੱਕ ਏਕੇ-74 ਰਾਈਫਲ ਬਰਾਮਦ ਹੋਈ ਹੈ।
ਜੰਮੂ-ਕਸ਼ਮੀਰ ਪੁਲਿਸ ਦੇ ਅਨੁਸਾਰ, ਮੁਖਤਾਰ ਅਹਿਮਦ ਭੱਟ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਦ ਰੇਸਿਸਟੈਂਸ ਫਰੰਟ ਦਾ ਕੱਟੜ ਕਮਾਂਡਰ ਸੀ। ਪੁਲਵਾਮਾ ਦਾ ਰਹਿਣ ਵਾਲਾ ਭੱਟ 18 ਅਪ੍ਰੈਲ ਨੂੰ ਆਪਣੀ ਮਾਸੀ ਨੂੰ ਮਿਲਣ ਦੇ ਬਹਾਨੇ ਘਰੋਂ ਨਿਕਲਦੇ ਸਮੇਂ ਲਾਪਤਾ ਹੋ ਗਿਆ ਸੀ। ਬਾਅਦ ਵਿੱਚ ਜਾਂਚ ਵਿੱਚ ਪਾਇਆ ਗਿਆ ਕਿ ਉਹ TRF ਵਿੱਚ ਸ਼ਾਮਲ ਹੋ ਗਿਆ ਸੀ ਅਤੇ ਪੁਲਵਾਮਾ ਦੇ ਆਲੇ-ਦੁਆਲੇ ਸਰਗਰਮ ਸੀ।
ਕਮਾਂਡਰ ਬਣਨ ਤੋਂ ਪਹਿਲਾਂ ਭੱਟ ਕਈ ਸਾਲਾਂ ਤੱਕ TRF ਦਾ ਓਵਰਗ੍ਰਾਊਂਡ ਵਰਕਰ ਸੀ। ਉਹ ਨੌਜਵਾਨਾਂ ਨੂੰ ਭਾਰਤ ਵਿਰੁੱਧ ਹਥਿਆਰ ਚੁੱਕਣ ਅਤੇ ਦੇਸ਼ ਦੀ ਸੁਰੱਖਿਆ ਲਈ ਨੁਕਸਾਨਦੇਹ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੱਟੜਪੰਥੀ ਬਣਾਉਣ ਵਿੱਚ ਵੀ ਸ਼ਾਮਲ ਸੀ।
ਭੱਟ ਨੇ ਪੁਲਵਾਮਾ ਦੀ ਕਾਕਾਪੋਰਾ ਪੱਟੀ ਵਿੱਚ ਲਸ਼ਕਰ-ਏ-ਤੋਇਬਾ-ਟੀਆਰਐਫ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਪੁਲਵਾਮਾ ਵਿੱਚ ਕਸ਼ਮੀਰੀ ਪੰਡਤਾਂ, ਪ੍ਰਵਾਸੀ ਮਜ਼ਦੂਰਾਂ ਅਤੇ ਸਿਆਸੀ ਵਰਕਰਾਂ ਨੂੰ ਡਰਾਉਂਦਾ ਸੀ।
ਮੁਖਤਾਰ ਭੱਟ ਇਸ ਸਾਲ 13 ਮਈ ਨੂੰ ਪੁਲਵਾਮਾ ਦੇ ਗਦੂਰਾ ‘ਚ ਜੰਮੂ-ਕਸ਼ਮੀਰ ਦੇ ਪੁਲਸ ਮੁਲਾਜ਼ਮ ਰਿਆਜ਼ ਅਹਿਮਦ ਠੋਕਰ ਦੀ ਹੱਤਿਆ ‘ਚ ਸ਼ਾਮਲ ਸੀ। ਉਹ ਪੁਲਵਾਮਾ ਸ਼ਹਿਰ ਦੇ ਉਗਰਗੁੰਡ ਵਿਖੇ ਦੋ ਪ੍ਰਵਾਸੀ ਮਜ਼ਦੂਰਾਂ ‘ਤੇ ਹੋਏ ਹਮਲੇ ‘ਚ ਵੀ ਸ਼ਾਮਲ ਸੀ।