ਕੈਬਨਿਟ ਮੰਤਰੀ ਨੇ ਪਿਛਲੇ ਤਿੰਨ ਮਹੀਨੇ ਦੌਰਾਨ ਹੋਈਆਂ ਰਜਿਸਟਰੀਆਂ ਦਾ ਰਿਕਾਰਡ ਤਲਬ ਕੀਤਾ

  • ਕੁਝ ਮਾਮਲਿਆਂ ਵਿੱਚ ਐਨ ਓ ਸੀ ਤੋਂ ਬਗੈਰ ਰਜਿਸਟਰੀਆਂ ਕਰਨ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ
  • ਚੁਣੇ ਨੁਮਾਇੰਦਿਆਂ ਨਾਲ ਟੀਮ ਦੀ ਤਰ੍ਹਾਂ ਕੰਮ ਕਰੇ ਪ੍ਰਸ਼ਾਸ਼ਨ – ਕੈਬਨਿਟ ਮੰਤਰੀ ਹਰਭਜਨ ਸਿੰਘ
  • ਵਿਕਾਸ ਕਾਰਜਾਂ ਅਤੇ ਲੋਕ ਹਿੱਤ ਕਾਰਜਾਂ ਨੂੰ ਬਿਹਤਰ ਤਰੀਕੇ ਨਾਲ ਕਰਾਉਣ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਿਆ ਜਾਵੇ
  • ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕ ਹਿਤ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਮੋਗਾ, 2 ਨਵੰਬਰ 2022 – ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਜ਼ਿਲ੍ਹਾ ਮੋਗਾ ਵਿਚ ਕੁਝ ਮਾਮਲਿਆਂ ਵਿੱਚ ਐਨ ਓ ਸੀ ਤੋਂ ਬਗੈਰ ਰਜਿਸਟਰੀਆਂ ਕਰਨ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪਿਛਲੇ ਤਿੰਨ ਮਹੀਨੇ ਦੌਰਾਨ ਹੋਈਆਂ ਰਜਿਸਟਰੀਆਂ ਦਾ ਰਿਕਾਰਡ ਤਲਬ ਕੀਤਾ ਹੈ। ਉਹਨਾਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਹਦਾਇਤ ਕੀਤੀ ਕਿ ਉਹ ਇਹਨਾਂ ਰਜਿਸਟਰੀਆਂ ਨੂੰ ਚੈੱਕ ਕਰਨ ਕਿ ਕਿਹੜੇ ਮਾਮਲਿਆਂ ਵਿੱਚ ਬਿਨਾ ਐਨ ਓ ਸੀ ਤੋਂ ਰਜਿਸਟਰੀਆਂ ਹੋਈਆਂ ਹਨ ਅਤੇ ਕਿਵੇਂ ਹੋਈਆਂ ਹਨ। ਉਹਨਾਂ ਕਿਹਾ ਕਿ ਪਤਾ ਲੱਗਾ ਹੈ ਕਿ ਕੁਝ ਮਾਮਲਿਆਂ ਵਿੱਚ ਬਿਨਾ ਐਨ ਓ ਸੀ ਤੋਂ ਵੀ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ ਜਦਕਿ ਕੁਝ ਵਿੱਚ ਮਨਾਹੀ ਕੀਤੀ ਜਾ ਰਹੀ ਹੈ।

ਉਹ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕ ਹਿਤ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਆਏ ਸਨ। ਮੀਟਿੰਗ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ, ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ, ਐੱਸ ਡੀ ਐੱਮ ਸ਼੍ਰੀਮਤੀ ਚਾਰੂਮਿਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਉਹਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਕਾਸ ਕਾਰਜਾਂ ਅਤੇ ਲੋਕ ਹਿੱਤ ਕਾਰਜਾਂ ਨੂੰ ਬਿਹਤਰ ਤਰੀਕੇ ਨਾਲ ਕਰਾਉਣ ਲਈ ਵਿਧਾਇਕਾਂ ਨਾਲ ਤਾਲਮੇਲ ਜਰੂਰ ਰੱਖਣ। ਪ੍ਰਸ਼ਾਸ਼ਨ ਨੂੰ ਚੁਣੇ ਨੁਮਾਇੰਦਿਆਂ ਨਾਲ ਟੀਮ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਸਰਬਪੱਖੀ ਵਿਕਾਸ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਜੋ ਕਿ ਵਿਧਾਇਕਾਂ ਦੀ ਅਗਵਾਈ ਤੋਂ ਬਿਨਾ ਸੰਭਵ ਨਹੀਂ ਹੈ।

ਉਹਨਾਂ ਕਿਹਾ ਕਿ ਆਮ ਤੌਰ ਉੱਤੇ ਚੁਣੇ ਹੋਏ ਨੁਮਾਇੰਦਿਆਂ ਤੋਂ ਪਤਾ ਲਗਦਾ ਹੈ ਕਿ ਪ੍ਰਸ਼ਾਸ਼ਨ ਵੱਲੋਂ ਵਿਕਾਸ ਕਾਰਜਾਂ ਅਤੇ ਲੋਕ ਹਿੱਤ ਕਾਰਜਾਂ ਵਿੱਚ ਉਹਨਾਂ ਨਾਲ ਕੋਈ ਵੀ ਸਲਾਹ ਮਸ਼ਵਰਾ ਨਹੀਂ ਕੀਤਾ ਜਾਂਦਾ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਲੋਕ ਹਿਤ ਕਾਰਜਾਂ ਦਾ ਯੋਗ ਲਾਭਪਾਤਰੀਆਂ ਤੱਕ ਲਾਭ ਨਹੀਂ ਪਹੁੰਚਦਾ। ਇਹ ਸਭ ਯਕੀਨੀ ਬਣਾਉਣ ਲਈ ਪ੍ਰਸ਼ਾਸ਼ਨ ਦਾ ਵਿਧਾਇਕਾਂ ਨਾਲ ਤਾਲਮੇਲ ਜਰੂਰੀ ਹੈ। ਉਹਨਾਂ ਕਿਹਾ ਕਿ ਮਗਨਰੇਗਾ ਕੰਮਾਂ ਅਤੇ ਸੀ ਐਸ ਆਰ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਸਮੇਂ ਸਮੇਂ ਉੱਤੇ ਚੁਣੇ ਨੁਮਾਇੰਦਿਆਂ ਨੂੰ ਵੀ ਜਾਣੂ ਕਰਵਾਇਆ ਜਾਵੇ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਚਾਲੂ ਕੰਮ ਤੁਰੰਤ ਪੂਰੇ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਹਰੇਕ ਪਿੰਡ ਵਿੱਚ ਮਗਨਰੇਗਾ ਤਹਿਤ ਛੱਪੜਾਂ ਦੀ ਸਫਾਈ ਕਰਵਾਈ ਜਾਵੇਗੀ। ਜਿਹੜੇ ਠੇਕੇਦਾਰ ਸਰਕਾਰੀ ਵਿਕਾਸ ਕੰਮਾਂ ਨੂੰ ਬਿਨਾ ਵਜ੍ਹਾ ਲੇਟ ਕਰਦੇ ਹਨ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਬਿਜਲੀ ਦੀ ਸਪਲਾਈ ਨੂੰ ਦਰੁਸਤ ਕਰਨ ਲਈ ਓਵਰ ਲੋਡ ਗਰਿੱਡਾਂ ਉੱਤੇ ਨਵੇਂ ਟ੍ਰਾਂਸਫਾਰਮਰ ਰੱਖੇ ਜਾਣਗੇ। ਇਸ ਨਾਲ ਜ਼ਿਲ੍ਹਾ ਮੋਗਾ ਵਿੱਚ ਬਿਜਲੀ ਸਪਲਾਈ ਦਾ ਕੰਮ ਬਹੁਤ ਸੁਧਰ ਜਾਵੇਗਾ। ਸਰਕਾਰੀ ਸਕੂਲਾਂ ਸੀ ਸੀ ਟੀ ਵੀ ਲਗਾਉਣ ਦੀ ਵੀ ਰਿਪੋਰਟ ਮੰਗੀ ਗਈ। ਉਹਨਾਂ ਸਪੱਸ਼ਟ ਕੀਤਾ ਕਿ ਸਰਕਾਰੀ ਸਕੂਲਾਂ ਵਿਚੋਂ ਵਿਦਿਆਰਥੀਆਂ ਦੀ ਗਿਣਤੀ ਕਿਸੇ ਵੀ ਹਾਲ ਘਟਣੀ ਨਹੀਂ ਚਾਹੀਦੀ ਹੈ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਹਨਾਂ ਸਾਰੇ ਹਸਪਤਾਲਾਂ ਦੀ ਸੂਚੀ ਨੂੰ ਥਾਂ ਥਾਂ ਉੱਤੇ ਡਿਸਪਲੇਅ ਕਰਨ ਜਿੱਥੇ ਕਿ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਕਾਰਡ ਚੱਲਦੇ ਹਨ।

ਉਹਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਆਖਰੀ ਸਮੇਂ ਦੌਰਾਨ ਸਕੂਲ ਅਪਗ੍ਰੇਡ ਤਾਂ ਕਰ ਦਿੱਤੇ ਪਰ ਉਥੇ ਨਾ ਤਾਂ ਸਟਾਫ ਦਿੱਤਾ ਅਤੇ ਨਾ ਹੀ ਬੁਨਿਆਦੀ ਸਹੂਲਤਾਂ ਦਿੱਤੀਆਂ ਪਰ ਹੁਣ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ ਨੂੰ ਸਹੀ ਮਾਅਨਿਆਂ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਹਨਾਂ ਹਦਾਇਤ ਕੀਤੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਹਰਗੋਬਿੰਦ ਖੁਰਾਣਾ ਵਜ਼ੀਫਾ ਸਕੀਮ ਦਾ ਵੱਧ ਤੋਂ ਵੱਧ ਬੱਚਿਆਂ ਨੂੰ ਲਾਭ ਦਿਵਾਇਆ ਜਾਵੇ।

ਉਹਨਾਂ ਕਿਹਾ ਕਿ ਲੇਬਰ ਵਾਲਿਆਂ ਦੇ ਕੈਂਪ ਲਗਾ ਕੇ ਲਾਭਪਾਤਰੀ ਕਾਰਡ ਬਣਾਏ ਜਾਣ ਤਾਂ ਜੌ ਮਜ਼ਦੂਰ ਵਰਗ ਵੱਧ ਤੋਂ ਵੱਧ ਆਰਥਿਕ ਲਾਭ ਲੈ ਸਕਣ। ਉਹਨਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਸਕੂਲਾਂ ਵਿੱਚ ਪਖਾਨਿਆਂ ਦੀ ਸਹੂਲਤ ਹੋਣੀ ਲਾਜ਼ਮੀ ਹੈ। ਉਹਨਾਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੂੰ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹਈਆ ਕਰਵਾਏ ਜਾਣ ਅਤੇ ਉਹਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਇਆ ਜਾਵੇ। ਇਸ ਮੌਕੇ ਉਹਨਾਂ ਨੇ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਸ਼ਾਬਾਸ਼ ਦਿੱਤੀ ਅਤੇ ਵਧੀਆ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਦੀ ਖਿਚਾਈ ਕੀਤੀ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਪਿੰਡ ਲੁਹਾਰਾ ਵਿਖੇ ਫੱਕਰ ਬਾਬਾ ਦਾਮੂ ਸ਼ਾਹ ਜੀ ਦੀ ਮਜ਼ਾਰ ਉੱਤੇ ਸਿਜਦਾ ਕੀਤਾ ਅਤੇ ਆਸ਼ੀਰਵਾਦ ਲਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

SC ਵੱਲੋਂ ਅੱਤਵਾਦੀ ਮੁਹੰਮਦ ਆਰਿਫ ਦੀ ਮੌਤ ਦੀ ਸਜ਼ਾ ਬਰਕਰਾਰ, ਕੀਤਾ ਸੀ ਲਾਲ ਕਿਲੇ ‘ਤੇ ਹਮਲਾ

ਸੁਖਬੀਰ ਬਾਦਲ ਖਿਲਾਫ ਜਾਰੀ ਹੋਏ ਗੈਰ-ਜ਼ਮਾਨਤੀ ਵਾਰੰਟ, ਪੜ੍ਹੋ ਕੀ ਹੈ ਮਾਮਲਾ