ਚੰਡੀਗੜ੍ਹ, 4 ਨਵੰਬਰ 2022 – ਅੱਜ ਚੰਡੀਗੜ੍ਹ ਵਿਖੇ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿਖੇ ਐਗਰੋਟੈਕ ਇੰਡੀਆ 2022 ਮੇਲੇ ਦਾ ਉਦਘਾਟਨ ਕਰਨ ਆ ਰਹੇ ਹਨ। ਜਿਸ ਕਾਰਨ ਚੰਡੀਗੜ੍ਹ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਅਜਿਹੇ ‘ਚ ਚੰਡੀਗੜ੍ਹ ਪੁਲਿਸ ਵਿਭਾਗ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਟਰੈਫਿਕ ਵਿਵਸਥਾ ਵਿੱਚ ਵੀ ਬਦਲਾਅ ਕੀਤੇ ਗਏ ਹਨ। ਅੱਜ ਤੋਂ ਸ਼ੁਰੂ ਹੋਣ ਵਾਲੇ ਐਗਰੋਟੈਕ ਇੰਡੀਆ 2022 ਪ੍ਰੋਗਰਾਮ ਲਈ ਟ੍ਰੈਫਿਕ ਪੁਲਿਸ ਵੱਲੋਂ ਸੈਕਟਰ-17 ਵੱਲ ਜਾਣ ਵਾਲੇ ਰੂਟਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਟਰੈਫਿਕ ਪੁਲੀਸ ਵਿਭਾਗ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ। ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਅਕਾਊਂਟ ਟਵੀਟਰ ‘ਤੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਟਰੈਫਿਕ ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸਵੇਰੇ 6 ਵਜੇ ਤੋਂ ਦੁਪਹਿਰ 12.30 ਵਜੇ ਤੱਕ ਪਰੇਡ ਗਰਾਊਂਡ ਵਾਲੇ ਪਾਸੇ ਤੋਂ ਆਉਣ ਵਾਲੀਆਂ ਸੜਕਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਸ ਦੌਰਾਨ ਇਨ੍ਹਾਂ ਸੜਕਾਂ ‘ਤੇ ਆਮ ਲੋਕਾਂ ਦੇ ਲੰਘਣ ‘ਤੇ ਪਾਬੰਦੀ ਰਹੇਗੀ। ਸੈਕਟਰ-16/17/22/23 ਚੌਕ ਤੋਂ ਗੁਰਦਿਆਲ ਸਿੰਘ ਪੈਟਰੋਲ ਪੰਪ, ਸੈਕਟਰ-22ਏ ਉਦਯੋਗ ਮਾਰਗ, ਹੋਟਲ ਸ਼ਿਵਾਲਿਕ ਵਿਊ, ਅਰਬਨ ਪਾਰਕ ਅਤੇ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਵਾਲੀ ਸੜਕ ਨੂੰ ਬੰਦ ਰੱਖਿਆ ਜਾਵੇਗਾ।
ਇਸ ਤੋਂ ਇਲਾਵਾ ਆਰ.ਐਲ.ਏ., ਸੈਕਟਰ-17 ਦੇ ਸਾਹਮਣੇ ਵਾਲੀ ਪਾਰਕਿੰਗ, ਨਗਰ ਨਿਗਮ ਦਫ਼ਤਰ ਦੇ ਸਾਹਮਣੇ ਸ਼ੋਅਰੂਮ ਦੇ ਪਿੱਛੇ, ਹੋਟਲ, ਹੋਟਲ ਸ਼ਿਵਾਲਿਕ ਵਿਊ ਦੇ ਨਾਲ ਲੱਗਦੀ ਕੱਚੀ ਪਾਰਕਿੰਗ ਅਤੇ ਪਰੇਡ ਗਰਾਊਂਡ ਅਤੇ ਬੱਸ ਸਟੈਂਡ ਸੈਕਟਰ-17 ਦੇ ਵਿਚਕਾਰ ਦੀ ਪਾਰਕਿੰਗ ਵੀ ਬੰਦ ਰਹੇਗੀ। ਸੈਕਟਰ-17 ਬੱਸ ਸਟੈਂਡ ਵੱਲ ਆਉਣ ਵਾਲੀਆਂ ਬੱਸਾਂ ਨੂੰ ਸੈਕਟਰ-23 ਕਿਸਾਨ ਭਵਨ ਚੌਕ ਤੋਂ ਆਈਐਸਬੀਟੀ ਚੌਕ, ਸੈਕਟਰ-17 ਅਤੇ ਹਿਮਾਲਿਆ ਮਾਰਗ ਤੋਂ ਪਿਕਾਡਲੀ ਚੌਕ ਵੱਲ ਮੋੜ ਦਿੱਤਾ ਗਿਆ ਹੈ। ਦੂਜੇ ਰਾਜਾਂ ਤੋਂ ਆਉਣ ਵਾਲੀਆਂ ਬੱਸਾਂ ਛੋਟੇ ਚੌਂਕ (ਨੇੜੇ ਗੁਰਦਿਆਲ ਸਿੰਘ ਪੈਟਰੋਲ ਪੰਪ) ਤੋਂ ISBT-17 ‘ਤੇ ਪੁੱਜਣਗੀਆਂ।ਦੱਸ ਦੇਈਏ ਕਿ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਪੁਲਿਸ ਵੱਲੋਂ ਵਿਸ਼ੇਸ਼ ਪਾਰਕਿੰਗ ਪਾਸ ਦਿੱਤੇ ਗਏ ਹਨ। ਵਿਸ਼ੇਸ਼ ਸੱਦੇ ਵਾਲਿਆਂ ਲਈ ਬਰਡ ਪਾਰਕ ਤੋਂ ਇਲਾਵਾ, ਸੈਕਟਰ-17/18 ਲਾਈਟ ਪੁਆਇੰਟ ਨੇੜੇ ਪਰੇਡ ਗਰਾਊਂਡ ਅਤੇ ISBT-17 ਦੇ ਪਿੱਛੇ ਬੱਸ ਸਟੈਂਡ ਵਿਚਕਾਰ ਪਾਰਕਿੰਗ ਲਈ ਵਾਹਨ ਪਾਰਕ ਕੀਤੇ ਜਾ ਸਕਦੇ ਹਨ।