ਨਵੀਂ ਦਿੱਲੀ, 4 ਨਵੰਬਰ 2022 – ਵੀਰਵਾਰ ਨੂੰ ਗੁਜਰਾਂਵਾਲਾ ਦੇ ਵਜ਼ੀਰਾਬਾਦ ‘ਚ ਇਮਰਾਨ ਖਾਨ ਦੇ ਲਾਂਗ ਮਾਰਚ ‘ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਅਜੇ ਤੱਕ ਉਸਦੇ ਸਹੀ ਨਾਮ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਕੁਝ ਰਿਪੋਰਟਾਂ ‘ਚ ਉਸ ਦਾ ਨਾਂ ਫੈਸਲ ਅਤੇ ਕੁਝ ‘ਚ ਜਾਵੇਦ ਇਕਬਾਲ ਦੱਸਿਆ ਗਿਆ ਹੈ।
ਪਾਕਿਸਤਾਨ ਦੇ ਕਈ ਸੀਨੀਅਰ ਪੱਤਰਕਾਰਾਂ ਨੇ ਇਸ ਹਮਲਾਵਰ ਦੇ ਪੁਲਿਸ ਹਿਰਾਸਤ ਵਿੱਚ ਦਿੱਤੇ ਬਿਆਨ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ‘ਚ ਦੋਸ਼ੀ ਨੇ ਦੱਸਿਆ ਕਿ ਉਹ ਇਕੱਲਾ ਹੀ ਹਮਲਾ ਕਰਨ ਆਇਆ ਸੀ। ਉਹ ਇਮਰਾਨ ਨੂੰ ਮਾਰਨਾ ਚਾਹੁੰਦਾ ਸੀ, ਕਿਉਂਕਿ ਖਾਨ ਦੇ ਲਾਂਗ ਮਾਰਚ ਵਿੱਚ ਅਜ਼ਾਨ ਦੌਰਾਨ ਵੀ ਡੈੱਕ (ਡੀਜੇ) ਵੱਜਦਾ ਰਹਿੰਦਾ ਸੀ। ਪੁਲਿਸ ਨੇ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਦੋਸ਼ੀ ਨੇ ਪੁਲਸ ਹਿਰਾਸਤ ‘ਚ ਕਿਹਾ- ਮੈਂ ਇਹ (ਇਮਰਾਨ ‘ਤੇ ਗੋਲੀਬਾਰੀ) ਇਸ ਲਈ ਕੀਤੀ ਕਿਉਂਕਿ ਇਮਰਾਨ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਮੈਂ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਸਿਰਫ ਇਮਰਾਨ ਖਾਨ ਨੂੰ ਮਾਰਨ ਆਇਆ ਸੀ। ਮੈਂ ਉਸਨੂੰ ਇਸ ਲਈ ਮਾਰਨਾ ਚਾਹੁੰਦਾ ਸੀ ਕਿਉਂਕਿ ਜਿਸ ਵੇਲੇ ਅਜ਼ਾਨ ਹੁੰਦੀ ਸੀ ਅਤੇ ਉਥੇ ਖਾਨ ਡੀਜੇ ਲਗਾਉਂਦਾ ਸੀ। ਇਹ ਗੱਲ ਮੇਰੀ ਜ਼ਮੀਰ ਨੂੰ ਮਨਜ਼ੂਰ ਨਹੀਂ ਸੀ।
ਪੁਲਸ ਦੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਕਿਹਾ- ਮੈਂ ਇਹ ਫੈਸਲਾ ਅਚਾਨਕ ਲਿਆ ਹੈ। ਇਸ ਸਬੰਧੀ ਪਹਿਲਾਂ ਤੋਂ ਕੋਈ ਯੋਜਨਾ ਨਹੀਂ ਸੀ। ਜਿਸ ਦਿਨ ਇਹ ਲਾਂਗ ਮਾਰਚ ਲਾਹੌਰ ਤੋਂ ਸ਼ੁਰੂ ਹੋਇਆ, ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਇਮਰਾਨ ਨੂੰ ਨਹੀਂ ਛੱਡਾਂਗਾ। ਮੇਰੇ ਪਿੱਛੇ ਕੋਈ ਨਹੀਂ ਹੈ, ਇਹ ਕੰਮ ਮੈਂ ਇਕੱਲੇ ਹੀ ਕੀਤਾ ਹੈ। ਮੈਂ ਸਾਈਕਲ ‘ਤੇ ਆਇਆ ਸੀ ਅਤੇ ਆਪਣੇ ਚਾਚੇ ਦੀ ਦੁਕਾਨ ‘ਤੇ ਖੜ੍ਹਾ ਕੀਤਾ ਸੀ।
ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਆਈਬੀ ਵੀ ਪੁੱਛਗਿੱਛ ਲਈ ਇਸ ਮੁਲਜ਼ਮ ਕੋਲ ਪਹੁੰਚੀ ਹੈ। ਰਿਪੋਰਟਾਂ ਅਨੁਸਾਰ ਪੁਲਿਸ ਨੂੰ ਯਕੀਨ ਨਹੀਂ ਹੈ ਕਿ ਦੋਸ਼ੀ ਨੇ ਇਕੱਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਸੂਬੇ ‘ਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੀ ਸਰਕਾਰ ਹੈ ਅਤੇ ਇਮਰਾਨ ਨੂੰ ਜ਼ਬਰਦਸਤ ਸੁਰੱਖਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖਾਨ ਦੇ ਹਥਿਆਰਬੰਦ ਨਿੱਜੀ ਸੁਰੱਖਿਆ ਗਾਰਡ ਵੀ ਉਥੇ ਮੌਜੂਦ ਹਨ।
ਪੁਲਿਸ ਦੇ ਸਾਹਮਣੇ ਸਵਾਲ ਇਹ ਹੈ ਕਿ ਜੇਕਰ ਦੋਸ਼ੀ ਦਾ ਕੋਈ ਹੋਰ ਸਾਥੀ ਸੀ ਤਾਂ ਉਹ ਕਿੱਥੇ ਹੈ ? ਇਸ ਦਾ ਕਾਰਨ ਇਹ ਹੈ ਕਿ ਨਿਊਜ਼ ਏਜੰਸੀ ਏਐਫਪੀ ਸਮੇਤ ਕੁਝ ਪੱਤਰਕਾਰ ਇਹ ਵੀ ਕਹਿ ਰਹੇ ਹਨ ਕਿ ਇੱਕ ਹਮਲਾਵਰ ਮੌਕੇ ‘ਤੇ ਹੀ ਮਾਰਿਆ ਗਿਆ। ਇਮਰਾਨ ਦੀ ਪਾਰਟੀ ਦੇ ਇੱਕ ਨੇਤਾ ਅਮੀਨ ਅਹਿਮਦ ਦੇ ਮੁਤਾਬਕ, ਜਿਸ ਵਿਅਕਤੀ ਨੂੰ ਮਾਰਿਆ ਗਿਆ, ਉਹ ਪੀਟੀਆਈ ਦਾ ਵਰਕਰ ਸੀ।