ਅੰਮ੍ਰਿਤਸਰ, 4 ਨਵੰਬਰ 2022 – ਅੰਮ੍ਰਿਤਸਰ ‘ਚ ਨਸ਼ਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬੀਤੀ ਰਾਤ ਇੱਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ। ਇੰਨਾ ਹੀ ਨਹੀਂ ਮ੍ਰਿਤਕ ਨੌਜਵਾਨ ਦੇ ਨਸ਼ੇੜੀ ਸਾਥੀ ਵੀ ਉਸਦੀ ਲਾਸ਼ ਨੂੰ ਸੜਕ ਕਿਨਾਰੇ ਛੱਡ ਕੇ ਫਰਾਰ ਹੋ ਗਏ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮ੍ਰਿਤਕ ਨੂੰ ਨਸ਼ੀਲਾ ਪਦਾਰਥ ਦੇਣ ਵਾਲੇ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਵਾਸੀ ਪਿੰਡ ਨਾਗੋ ਵਜੋਂ ਹੋਈ ਹੈ। ਉਸ ਦੀ ਲਾਸ਼ ਲੱਖੂਵਾਲ-ਸਠਿਆਲਾ ਰੋਡ ‘ਤੇ ਸੜਕ ਕਿਨਾਰੇ ਕੱਪੜੇ ‘ਚ ਲਪੇਟੀ ਹੋਈ ਮਿਲੀ। ਮ੍ਰਿਤਕ ਦੇ ਭਰਾ ਕੰਵਲਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਅਮਨਦੀਪ ਸਿੰਘ ਮੋਬਾਈਲ ਰਿਪੇਅਰ ਕਰਵਾਉਣ ਲਈ ਪਿੰਡ ਨਾਗੋਕੇ ਸਥਿਤ ਆਪਣੇ ਘਰ ਗਿਆ ਸੀ। ਉਹ ਕਹਿ ਰਿਹਾ ਸੀ ਕਿ ਉਸ ਨੇ ਮੋਬਾਈਲ ਰਿਪੇਅਰ ਕਰਵਾਉਣ ਲਈ ਬਾਬਾ ਬਕਾਲਾ ਸਾਹਿਬ ਜਾਣਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸਰਦੂਲ ਸਿੰਘ ਦਾ ਕਹਿਣਾ ਹੈ ਕਿ ਅਮਨਦੀਪ ਨਸ਼ੇ ਦਾ ਆਦੀ ਸੀ। ਉਹ ਆਪਣੇ ਦੋਸਤਾਂ ਨਾਲ ਨਸ਼ੇ ਲਈ ਬਾਹਰ ਜਾਂਦਾ ਸੀ। ਫਿਲਹਾਲ ਪਰਿਵਾਰ ਨੂੰ ਨਹੀਂ ਪਤਾ ਕਿ ਮ੍ਰਿਤਕ ਕਿਸ ਦੇ ਨਾਲ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਜਾਂਚ ਲਈ ਬਾਬਾ ਬਕਾਲਾ ਸਾਹਿਬ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਨਸ਼ਾ ਮੁਹੱਈਆ ਕਰਵਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਣਪਛਾਤੇ ਖ਼ਿਲਾਫ਼ ਆਈਪੀਸੀ 304, 201 ਅਤੇ 34 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।