- ਅਮਿਤ ਅਰੋੜਾ ਦੇ ਘਰ ਦੇ ਬਾਹਰ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ
ਲੁਧਿਆਣਾ, 5 ਨਵੰਬਰ 2022 – ਅੰਮ੍ਰਿਤਸਰ ‘ਚ ਹਿੰਦੂ ਨੇਤਾ ਅਤੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਲੁਧਿਆਣਾ ਅਜੇ ਬੰਦ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਜਿਨ੍ਹਾਂ ਹਿੰਦੂ ਆਗੂਆਂ ਨੇ ਅੱਜ ਅੰਮ੍ਰਿਤਸਰ ਪੁੱਜਣਾ ਸੀ, ਉਨ੍ਹਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ। ਕੁਝ ਹਿੰਦੂ ਆਗੂ ਅੰਮ੍ਰਿਤਸਰ ਲਈ ਰਵਾਨਾ ਵੀ ਹੋ ਗਏ ਹਨ।
ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਨੇ ਅੱਜ ਸੈਂਕੜੇ ਹਿੰਦੂ ਸਮਰਥਕਾਂ ਸਮੇਤ ਅੰਮ੍ਰਿਤਸਰ ਪੁੱਜਣਾ ਸੀ ਪਰ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਸਵੇਰੇ ਹੀ ਘਰ ਵਿੱਚ ਹੀ ਰੋਕ ਲਿਆ। ਅਮਿਤ ਅਰੋੜਾ ਦੇ ਘਰ ਦੇ ਬਾਹਰ ਵੱਡੀ ਗਿਣਤੀ ‘ਚ ਪੁਲਸ ਬਲ ਤਾਇਨਾਤ ਹੈ। ਇਸ ਦੇ ਨਾਲ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਰਹੇ ਹਨ। ਉਸ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਚੌਕ ਚੌਰਾਹਿਆਂ ਆਦਿ ‘ਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਦੌਰਾਨ ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਪਰ ਉਹ ਹਿੰਦੂ ਹੈ ਅਤੇ ਆਪਣੇ ਹਿੰਦੂ ਭਰਾ ਦੀ ਮੌਤ ਦਾ ਬਦਲਾ ਜ਼ਰੂਰ ਲਵੇਗਾ।
ਅਰੋੜਾ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਵਾਈ ਸੁਰੱਖਿਆ ਹੋਣ ਦੇ ਬਾਵਜੂਦ ਸੂਰੀ ਦਾ ਕਤਲ ਵੱਡੀ ਲਾਪ੍ਰਵਾਹੀ ਹੈ। ਸੂਤਰ ਦੱਸਦੇ ਹਨ ਕਿ ਅਮਿਤ ਅਰੋੜਾ ਦੀ ਅੰਮ੍ਰਿਤਸਰ ਫੇਰੀ ਮਾਹੌਲ ਖ਼ਰਾਬ ਕਰ ਸਕਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਅਤੇ ਸੰਯੁਕਤ ਕਮਿਸ਼ਨਰ ਨਰਿੰਦਰ ਭਾਰਗਵ ਵੀ ਅਮਿਤ ਅਰੋੜਾ ਨੂੰ ਮਿਲਣ ਅਤੇ ਇਲਾਕੇ ਦੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਣ ਲਈ ਪਹੁੰਚੇ ਸਨ।