ਅੰਮ੍ਰਿਤਸਰ, 6 ਨਵੰਬਰ 2022 – ਅੰਮ੍ਰਿਤਸਰ ਵਿਖੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੰਤਿਮ ਸਸਕਾਰ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈ ਮਹਾਨ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ‘ਚ ਸਮਰਥਕ ਮੌਜੂਦ ਰਹੇ।
ਅੰਮ੍ਰਿਤਸਰ ‘ਚ ਕਤਲ ਕੀਤੇ ਗਏ ਹਿੰਦੂ ਨੇਤਾ ਸੁਧੀਰ ਸੂਰੀ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ। ਉਨ੍ਹਾਂ ਦੀ ਅੰਤਿਮ ਯਾਤਰਾ ਕਰੀਬ 12 ਵਜੇ ਘਰੋਂ ਰਵਾਨਾ ਹੋਈ ਜੋ ਡੇਢ ਵਜੇ ਸ਼ਮਸ਼ਾਨਘਾਟ ਪੁੱਜੀ। 4 ਕਿਲੋਮੀਟਰ ਦਾ ਸਫਰ ਤੈਅ ਕਰਨ ਲਈ ਡੇਢ ਘੰਟਾ ਲੱਗਾ।
ਸਰੀ ਨੂੰ ਅੰਤਿਮ ਵਿਦਾਈ ਦੇਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ। ਸ਼ਮਸ਼ਾਨਘਾਟ ਵਿੱਚ ਸੂਰੀ ਅਮਰ ਰਹੇ ਦੇ ਨਾਅਰੇ ਵੀ ਗੂੰਜਦੇ ਰਹੇ। ਇਸ ਦੇ ਨਾਲ ਹੀ ਪੁਲਿਸ ਨੇ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਇਸ ਤੋਂ ਪਹਿਲਾਂ ਪੁਲਿਸ ਨੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਵਾਲੇ ਹਿੰਦੂ ਨੇਤਾਵਾਂ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਸੀ। ਇਸ ‘ਤੇ ਸੂਰੀ ਦਾ ਪਰਿਵਾਰ ਗੁੱਸੇ ‘ਚ ਸੀ। ਪਰਿਵਾਰ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਇਨ੍ਹਾਂ ਹਿੰਦੂ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਅੰਤਿਮ ਸਸਕਾਰ ਨਹੀਂ ਕਰਨਗੇ। ਇਸ ਤੋਂ ਬਾਅਦ ਪੁਲਿਸ ਨੇ ਹਿੰਦੂ ਆਗੂਆਂ ਨੂੰ ਰਿਹਾਅ ਕਰ ਦਿੱਤਾ। ਇਸ ਦੇ ਨਾਲ ਹੀ ਮਾਹੌਲ ਨੂੰ ਦੇਖਦੇ ਹੋਏ ਸਿੱਖ ਆਗੂ ਘਰਾਂ ਵਿਚ ਨਜ਼ਰਬੰਦ ਹਨ।
ਵਰਨਣਯੋਗ ਹੈ ਕਿ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਪਰਿਵਾਰ ਅੰਤਿਮ ਸਸਕਾਰ ਲਈ ਰਾਜ਼ੀ ਹੋਇਆ ਸੀ।