ਲੁਧਿਆਣਾ, 7 ਨਵੰਬਰ 2022 – ਪੰਜਾਬ ਵਿੱਚ ਸ਼ਿਵ ਸੈਨਾ ਆਗੂ ਦੇ ਕਤਲ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ। ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਯਕੀਨੀ ਬਣਾਉਣ ਲਈ ਲੁਧਿਆਣਾ ਦੇ ਪੰਜ ਹਿੰਦੂ ਆਗੂਆਂ ਨੂੰ ਬੁਲੇਟ ਪਰੂਫ਼ ਜੈਕਟਾਂ ਦਿੱਤੀਆਂ ਹਨ। ਰਾਜੀਵ ਟੰਡਨ, ਯੋਗੇਸ਼ ਬਖਸ਼ੀ, ਅਮਿਤ ਅਰੋੜਾ, ਨੀਰਜ ਭਾਰਦਵਾਜ ਅਤੇ ਹਰਕੀਰਤ ਖੁਰਾਣਾ ਤੋਂ ਇਲਾਵਾ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਬੁਲੇਟ ਪਰੂਫ ਜੈਕਟ ਮਿਲਣ ਵਾਲਿਆਂ ਵਿਚ ਸ਼ਾਮਲ ਸਨ। ਇਸ ਤੋਂ ਪਹਿਲਾਂ ਪੁਲਿਸ ਦਾ ਸੁਰੱਖਿਆ ਵਿੰਗ ਹਿੰਦੂ ਨੇਤਾਵਾਂ ਦੀ ਸੁਰੱਖਿਆ ਦਾ ਜਾਇਜ਼ਾ ਲੈ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਸਮੀਖਿਆ ਰਿਪੋਰਟ ਭੇਜੇ ਜਾਣ ਤੋਂ ਬਾਅਦ ਐਤਵਾਰ ਨੂੰ ਪੁਲੀਸ ਹੈੱਡਕੁਆਰਟਰ ਤੋਂ ਸੁਨੇਹਾ ਆਇਆ ਕਿ ਇਨ੍ਹਾਂ ਆਗੂਆਂ ਨੂੰ ਬੁਲੇਟ ਪਰੂਫ਼ ਜੈਕਟਾਂ ਦਿੱਤੀਆਂ ਜਾਣ। ਇਸ ਮਗਰੋਂ ਇਨ੍ਹਾਂ ਸਾਰੇ ਆਗੂਆਂ ਨੂੰ ਪੁਲੀਸ ਲਾਈਨਜ਼ ਵਿੱਚ ਬੁਲਾਇਆ ਗਿਆ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਜੈਕਟਾਂ ਮੁਹੱਈਆ ਕਰਵਾਈਆਂ ਗਈਆਂ। ਵਰਨਣਯੋਗ ਹੈ ਕਿ ਇਨ੍ਹਾਂ ਆਗੂਆਂ ਨੂੰ ਪਹਿਲਾਂ ਹੀ ਪੁਲੀਸ ਸੁਰੱਖਿਆ ਦਿੱਤੀ ਜਾ ਚੁੱਕੀ ਹੈ। ਅਮਿਤ ਅਰੋੜਾ ਨੇ ਪੁਲਿਸ ਪ੍ਰਸ਼ਾਸਨ ਦੀ ਪਹਿਲਕਦਮੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਹਿੰਦੂ ਆਗੂਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਗੋਪਾਲ ਮੰਦਰ ਦੇ ਬਾਹਰ ਟੁੱਟੀਆਂ ਮੂਰਤੀਆਂ ਦੀ ਬੇਅਦਬੀ ਨੂੰ ਲੈ ਕੇ ਹਿੰਦੂ ਨੇਤਾ ਸੁਧੀਰ ਸੂਰੀ ਮੰਦਰ ਦੇ ਬਾਹਰ ਪੁੱਜੇ ਸਨ। ਉੱਥੇ ਹੀ ਰੈਡੀਮੇਡ ਕੱਪੜਿਆਂ ਦਾ ਵਪਾਰ ਕਰਨ ਵਾਲੇ ਸੰਦੀਪ ਸਿੰਘ ਉਰਫ ਸੰਨੀ ਨੇ ਸੁਧੀਰ ਸੂਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲੀਸ ਨੇ ਉਥੇ ਹੀ ਸੰਦੀਪ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਪਿਸਤੌਲ ਬਰਾਮਦ ਕਰ ਲਿਆ।