ਚੰਡੀਗੜ੍ਹ, 8 ਨਵੰਬਰ 2022 – ਟ੍ਰੈਫਿਕ ਕਰਮੀ ਦੀ ਕੁੱਟਮਾਰ ਮਾਮਲੇ ‘ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ 3 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਨਾਲੇ ਅਦਾਲਤ ਨੇ ਉਹਨਾਂ ਨੂੰ 4-4 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਅਸਲ ‘ਚ ਆਪਣੇ ਆਪ ਨੂੰ ਤਰਨਤਾਰਨ ਦੇ ਐਸਐਸਪੀ ਦਾ ਰੀਡਰ ਦੱਸਦਿਆਂ ਪੰਜਾਬ ਦੇ ਤਿੰਨ ਵਿਅਕਤੀਆਂ ਨੇ ਸ਼ਰਾਬ ਪੀ ਕੇ ਚੰਡੀਗੜ੍ਹ ਟਰੈਫਿਕ ਪੁਲੀਸ ਮੁਲਾਜ਼ਮ ਦੀ ਕੁੱਟਮਾਰ ਕਰਕੇ ਉਸ ਦੀ ਵਰਦੀ ਪਾੜ ਦਿੱਤੀ ਸੀ।
ਜਿਸ ਤੋਂ ਬਾਅਦ ਹਨ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਤਿੰਨਾਂ ‘ਤੇ ਮਾਮਲੇ ਦੀ ਸੁਣਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ ਆਈਪੀਸੀ ਦੀ ਧਾਰਾ 332 ਅਤੇ 353 ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਜੁਡੀਸ਼ੀਅਲ ਮੈਜਿਸਟਰੇਟ ਕੋਮਪਲ ਧੰਜਲ ਦੀ ਅਦਾਲਤ ਨੇ ਤਰਨਤਾਰਨ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ, ਸਿਮਰਦੀਪ ਸਿੰਘ ਅਤੇ ਅਮਰਿੰਦਰ ਸਿੰਘ ਨੂੰ 5 ਸਾਲ ਪੁਰਾਣੇ ਇਸ ਕੇਸ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਜੁਰਮਾਨਾ ਕੀਤਾ ਹੈ।
ਚੰਡੀਗੜ੍ਹ ਪੁਲੀਸ ਵੱਲੋਂ ਇਨ੍ਹਾਂ ਖ਼ਿਲਾਫ਼ ਸਾਲ 2017 ਵਿੱਚ ਸੈਕਟਰ 36 ਥਾਣੇ ਵਿੱਚ ਆਈਪੀਸੀ ਦੀ ਧਾਰਾ 323, 332,353 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਵਿੱਚ ਸ਼ਿਕਾਇਤਕਰਤਾ ਹੈੱਡ ਕਾਂਸਟੇਬਲ ਹਰਮਿੰਦਰ ਸਿੰਘ ਸੀ।
ਦਰਜ ਕੇਸ ਅਨੁਸਾਰ ਸ਼ਿਕਾਇਤਕਰਤਾ ਹੈੱਡ ਕਾਂਸਟੇਬਲ 7 ਸਤੰਬਰ 2017 ਨੂੰ ਪਿਕਾਡਲੀ ਲਾਈਟ ਪੁਆਇੰਟ ਵਿਖੇ ਆਪਣੀ ਡਿਊਟੀ ਨਿਭਾ ਰਿਹਾ ਸੀ। ਇਸ ਦੌਰਾਨ ਉਸ ਨੇ ਇਕ ਕਾਰ ਗਲਤ ਖੜ੍ਹੀ ਹੋਈ ਦੇਖੀ। ਉਸ ਨੇ ਦੋਸ਼ੀ ਨੌਜਵਾਨਾਂ ਨੂੰ ਕਾਰ ‘ਚੋਂ ਉਤਾਰਨ ਲਈ ਕਿਹਾ। ਇਸ ਦੌਰਾਨ ਹੀ ਪੁਲੀਸ ਮੁਲਾਜ਼ਮ ਨੇ ਟਰੈਫਿਕ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਅੰਬਾਲਾ ਹਾਈਵੇਅ ਤੋਂ ਇੱਕ ਐਂਬੂਲੈਂਸ ਆ ਰਹੀ ਸੀ ਜਿਸ ਲਈ ਉਹ ਰਸਤਾ ਬਣਾ ਰਿਹਾ ਸੀ। ਇਸ ਦੌਰਾਨ ਇਕ ਨੌਜਵਾਨ ਕਾਰ ‘ਚੋਂ ਬਾਹਰ ਆਇਆ ਅਤੇ ਆਪਣਾ ਪਛਾਣ ਪੱਤਰ ਦਿਖਾਉਣ ਲੱਗਾ। ਉਨ੍ਹਾਂ ਦੱਸਿਆ ਕਿ ਉਹ ਤਰਨਤਾਰਨ ਦੇ ਐਸ.ਐਸ.ਪੀ. ਦਾ ਰੀਡਰ ਹੈ।
ਇਸ ਦੇ ਨਾਲ ਹੀ ਕਾਰ ‘ਤੇ ਪੰਜਾਬ ਪੁਲਿਸ ਦਾ ਨਿਸ਼ਾਨ ਵੀ ਬਣਿਆ ਹੋਇਆ ਸੀ। ਇਸ ਨੂੰ ਬਾਅਦ ਵਿਚ ਦੋਸ਼ੀਆਂ ਨੇ ਹਟਾ ਦਿੱਤਾ ਸੀ। ਇਸ ਤੋਂ ਬਾਅਦ ਦੋਸ਼ੀ ਨੌਜਵਾਨਾਂ ਨੇ ਟ੍ਰੈਫਿਕ ਪੁਲਸ ਮੁਲਾਜ਼ਮ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਅਜਿਹੇ ‘ਚ ਉਸ ਦੀ ਵਰਦੀ ਵੀ ਪਾਟ ਗਈ। ਕੁਝ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਪੁਲਸ ਮੁਲਾਜ਼ਮ ਨੂੰ ਬਚਾਇਆ ਅਤੇ ਦੋਸ਼ੀਆਂ ਨੂੰ ਫੜ ਲਿਆ ਸੀ।
ਸੈਕਟਰ 36 ਥਾਣੇ ਦੀ ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਦੋਸ਼ੀਆਂ ਦੇ ਐਮਐਲਆਰ ਵਿੱਚ ਪਾਇਆ ਗਿਆ ਕਿ ਉਹ ਸ਼ਰਾਬ ਪੀ ਰਹੇ ਸਨ। ਮੁਕੱਦਮੇ ਦੀ ਕਾਰਵਾਈ ਦੇ ਸਾਬਤ ਹੋਣ ‘ਤੇ, ਤਿੰਨਾਂ ਨੂੰ ਦੋਸ਼ੀ ਪਾਇਆ ਗਿਆ ਅਤੇ ਰੁਪਏ ਦਾ ਜੁਰਮਾਨਾ ਕੀਤਾ ਗਿਆ। ਅਦਾਲਤ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਜੁਰਮਾਨਾ ਅਦਾ ਨਾ ਕਰਨ ‘ਤੇ ਉਨ੍ਹਾਂ ਨੂੰ ਇਕ ਮਹੀਨੇ ਦੀ ਹੋਰ ਕੈਦ ਕੱਟਣੀ ਪਵੇਗੀ।