ਅੰਮ੍ਰਿਤਸਰ, 8 ਨਵੰਬਰ 2022 – ਅੰਮ੍ਰਿਤਸਰ ‘ਚ ਹਿੰਦੂ ਨੇਤਾ ਦੇ ਕਤਲ ਤੋਂ ਪੰਜ ਦਿਨ ਬਾਅਦ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਅਣਪਛਾਤੇ ਨੌਜਵਾਨ ਬਜ਼ੁਰਗ ਜੋੜੇ ਦੇ ਘਰ ਦੇ ਬਾਹਰ ਤਿੰਨ ਗੋਲੀਆਂ ਚਲਾ ਕੇ ਫਰਾਰ ਹੋ ਗਏ। ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲੀਸ ਅਣਪਛਾਤੇ ਨੌਜਵਾਨਾਂ ਦੀ ਪਛਾਣ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਘਟਨਾ ਸੋਮਵਾਰ ਰਾਤ ਛੇਹਰਟਾ ਅਧੀਨ ਪੈਂਦੇ ਡਾ: ਹੇਤਰਾਮ ਕਲੋਨੀ ਦੀ ਹੈ। ਬਲਕਾਰ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਉਹ ਮਾਲ ਲੈਣ ਲਈ ਬਾਜ਼ਾਰ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਗੁਆਂਢੀਆਂ ਨੇ ਗੋਲੀ ਚੱਲਣ ਦੀ ਸੂਚਨਾ ਦਿੱਤੀ। ਬਲਕਾਰ ਸਿੰਘ ਦੀ ਪਤਨੀ ਦਲਬੀਰ ਕੌਰ ਨੇ ਦੱਸਿਆ ਕਿ ਉਹ ਅੰਦਰ ਕੰਮ ਕਰ ਰਹੀ ਸੀ। ਫਿਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਮੁਲਜ਼ਮ ਗੋਲੀ ਚਲਾ ਕੇ ਫ਼ਰਾਰ ਹੋ ਗਏ ਸੀ। ਇਸ ਦੌਰਾਨ ਪੁਲਸ ਨੂੰ ਘਰ ਦੇ ਬਾਹਰੋਂ ਤਿੰਨ ਖੋਲ ਮਿਲੇ ਹਨ, ਜਿਨ੍ਹਾਂ ‘ਚੋਂ ਇਕ ਫਾਇਰ ਘਰ ਦੇ ਦਰਵਾਜ਼ੇ ‘ਤੇ ਵੀ ਕੀਤਾ ਗਿਆ ਸੀ।
ਬਲਕਾਰ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਕਿਸੇ ਨਾਲ ਕੋਈ ਲੜਾਈ ਚੱਲ ਰਹੀ ਹੈ। ਉਨ੍ਹਾਂ ਨੂੰ ਇਹ ਵੀ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਦੇ ਘਰ ‘ਤੇ ਹਮਲਾ ਕਰਨ ਵਾਲੇ ਦੋਸ਼ੀ ਕੌਣ ਹਨ।
ਛੇਹਰਟਾ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਉਨ੍ਹਾਂ ਨੂੰ 112 ਤੋਂ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਹਰਪ੍ਰੀਤ ਸਿੰਘ ਨਾਂ ਦੇ ਗੁਆਂਢੀ ਨੇ ਫੋਨ ਕਰਕੇ ਗੋਲੀਬਾਰੀ ਦੀ ਸੂਚਨਾ ਦਿੱਤੀ ਸੀ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਥੋਂ ਤਿੰਨ ਖੋਲ ਬਰਾਮਦ ਹੋਏ। ਦੋ ਹਵਾਈ ਗੋਲੀਆਂ ਚਲਾਈਆਂ ਗਈਆਂ, ਇੱਕ ਗੋਲੀ ਘਰ ਦੇ ਗੇਟ ‘ਤੇ ਚਲਾਈ ਗਈ। ਗੋਲੀਆਂ ਚਲਾਉਣ ਵਾਲੇ ਵਿਅਕਤੀ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ। ਜਿਸ ਤੋਂ ਬਾਅਦ ਇਲਾਕੇ ਦੇ ਸੀਸੀਟੀਵੀ ਨੂੰ ਸਕੈਨ ਕੀਤਾ ਜਾ ਰਿਹਾ ਹੈ, ਤਾਂ ਜੋ ਮੁਲਜ਼ਮਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕੇ।