ਬ੍ਰਿਟਿਸ਼ ਫੌਜ ਦੇ ਅਧਿਕਾਰੀਆਂ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

  • ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤਾ ਸਨਮਾਨਿਤ,
  • ਬ੍ਰਿਟਿਸ਼ ਫੌਜ ਅੰਦਰ ਸਿੱਖ ਪਛਾਣ ਸਬੰਧੀ ਡਿਫੈਂਸ ਸਿੱਖ ਨੈੱਟਵਰਕ ਯੂ.ਕੇ. ਦੇ ਕਾਰਜ ਸ਼ਲਾਘਾਯੋਗ: ਐਡਵੋਕੇਟ ਧਾਮੀ

ਅੰਮ੍ਰਿਤਸਰ, ਨਵੰਬਰ 9, 2022 – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਬ੍ਰਿਟਿਸ਼ ਫੌਜ ਦੇ ਅਧਿਕਾਰੀਆਂ ਦੇ ਇੱਕ ਵਫ਼ਦ ਨੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਫ਼ਦ ਦੇ ਮੈਂਬਰਾਂ ਦਾ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਗੁਰੂ ਬਖਸ਼ਿਸ਼ ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਵਫ਼ਦ ਨਾਲ ਆਏ ਡਿਫੈਂਸ ਸਿੱਖ ਨੈੱਟਵਰਕ, ਯੂ.ਕੇ. ਨਾਲ ਸਬੰਧਤ ਬ੍ਰਿਟਿਸ਼ ਫੌਜ ਦੇ ਅਧਿਕਾਰੀ ਮੇਜਰ ਦਲਜਿੰਦਰ ਸਿੰਘ ਵਿਰਦੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੂੰ ਸਿੱਖ ਨੈੱਟਵਰਕ ਵੱਲੋਂ ਤਿਆਰ ਕਰਵਾਏ ਗਿਆ ਨਿੱਤਨੇਮ ਦਾ ਗੁਟਕਾ ਸਾਹਿਬ ਅਤੇ ਬ੍ਰਿਟਿਸ਼ ਫੌਜ ਅੰਦਰ ਸਿੱਖ ਪਛਾਣ ਅਤੇ ਦਸਤਾਰ ਬਾਰੇ ਛਾਪਿਆ ਸਾਹਿਤ ਵੀ ਭੇਟ ਕੀਤਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬ੍ਰਿਟਿਸ਼ ਫੌਜ ਅੰਦਰ ਡਿਫੈਂਸ ਸਿੱਖ ਨੈੱਟਵਰਕ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਸਿੱਖ ਬਜੁਰਗਾਂ ਦੀ ਪੁਰਾਣੀ ਰਵਾਇਤ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਗੁਰਬਾਣੀ ਦੇ ਨਿੱਤਨੇਮ ਦਾ ਗੁਟਕਾ ਸਾਹਿਬ ਤਿਆਰ ਕੀਤਾ ਹੈ, ਜੋ ਬ੍ਰਿਟਿਸ਼ ਫੌਜ ਵਿੱਚ ਕੰਮ ਕਰਨ ਵਾਲੇ ਅੰਮ੍ਰਿਤਧਾਰੀ ਸਿੱਖਾਂ ਦੀ ਵਰਦੀ ਦਾ ਹੀ ਹਿੱਸਾ ਹੈ, ਜਿਸ ਨੂੰ ਸਿੱਖ ਨੇ ਆਪਣੇ ਪਾਸ ਹੀ ਸੰਭਾਲਣਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਅਜਿਹੇ ਹੀ ਵਿਲੱਖਣ ਗੁਟਕਾ ਸਾਹਿਬ ਬ੍ਰਿਟਿਸ਼ ਫੌਜ ਵੱਲੋਂ ਵਿਸ਼ਵ ਯੁੱਧ ਸਮੇਂ ਵੀ ਸਿੱਖ ਫੌਜੀਆਂ ਨੂੰ ਦਿੱਤੇ ਗਏ ਸਨ ਅਤੇ ਇਸੇ ਤਰਜ ’ਤੇ ਡਿਫੈਂਸ ਸਿੱਖ ਨੈੱਟਵਰਕ ਇਹ ਕਾਰਜ ਕਰ ਰਿਹਾ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਦੇ ਨਾਲ ਹੀ ਆਰਮੀ ਵਿੱਚ ਸਿੱਖ ਪਛਾਣ ਅਤੇ ਦਸਤਾਰ ਬਾਰੇ ਸਾਹਿਤ ਛਾਪਿਆ ਹੈ, ਤਾਂ ਜੋ ਅਗਲੀ ਪੀੜ੍ਹੀ ਨੂੰ ਸਿੱਖ ਸੱਭਿਆਚਾਰ ਅਤੇ ਵਿਰਾਸਤ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਫੌਜ ਵਿੱਚ ਥਲ, ਜਲ ਅਤੇ ਵਾਯੂ ਸੈਨਾ, ਤਿੰਨਾਂ ਅੰਗਾਂ ਲਈ ਦਸਤਾਰ ਦੇ ਵੱਖ-ਵੱਖ ਰੰਗ ਨਿਰਧਾਰਤ ਕਰਨ ਵਿੱਚ ਵੀ ਡਿਫੈਂਸ ਸਿੱਖ ਨੈੱਟਵਰਕ ਦਾ ਵੱਡਾ ਯੋਗਦਾਨ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ।

ਜਿਕਰਯੋਗ ਹੈ ਕਿ ਇਸ ਵਫ਼ਦ ਨੇ ਬੀਤੇ ਦਿਨੀਂ ਸਾਰਾਗੜ੍ਹੀ ਜੰਗ ਦੀ ਵਰ੍ਹੇਗੰਢ ਸਬੰਧੀ ਸ੍ਰੀ ਅੰਮ੍ਰਿਤਸਰ ਵਿਖੇ ਕਰਵਾਏ ਗਏ ਇੱਕ ਸਮਾਗਮ ਵਿੱਚ ਸ਼ਮੂਲੀਅਤ ਕਰਨੀ ਸੀ ਪਰੰਤੂ ਬ੍ਰਿਟਿਸ਼ ਮਹਾਰਾਣੀ ਦੇ ਦੇਹਾਂਤ ਕਾਰਨ ਨਹੀਂ ਆ ਸਕਿਆ ਸੀ। ਜੋ ਹੁਣ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਸ਼ਮੂਲੀਅਤ ਲਈ ਹੁਣ ਅੰਮ੍ਰਿਤਸਰ ਆਇਆ ਹੈ।

ਬ੍ਰਿਟਿਸ਼ ਫੌਜ ਦੇ ਵਫ਼ਦ ਵਿੱਚ ਮੇਜਰ ਜਨਰਲ ਸੇਲੀਆ ਹਾਰਵੇਅ, ਮੇਜਰ ਵਰਿੰਦਰ ਸਿੰਘ ਬੱਸੀ, ਮੇਜਰ ਦਲਜਿੰਦਰ ਸਿੰਘ ਵਿਰਦੀ, ਕੈਪਟਨ ਬਰੀਜਿੰਦਰ ਸਿੰਘ ਨਿੱਜਰ, ਵਾਰੰਟ ਅਫ਼ਸਰ ਅਸ਼ੋਕ ਚੌਹਾਨ, ਸਾਰਜੰਟ ਮਨਜੀਤ ਸਿੰਘ ਝੱਜ, ਤਜਿੰਦਰ ਸਿੰਘ, ਪਰਦੀਪ ਕੌਰ, ਲਾਂਸ ਕਾਰਪੋਰਲ ਮਨਪ੍ਰੀਤ ਕੌਰ ਮੇਅਕੌਕ, ਅਤੇ ਹਰਮੀਤ ਸਿੰਘ ਸ਼ਾਮਲ ਸਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਸਕੱਤਰ ਸ. ਪ੍ਰਤਾਪ ਸਿੰਘ, ਓ.ਐਸ.ਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸਾਬਕਾ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸਨ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਅਤੇ ਰਣਧੀਰ ਸਿੰਘ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚਿਪਸ ਦੇ ਰੈਪਰ ’ਤੇ ਮੂਸੇਵਾਲਾ ਦੀ ਫੋਟੋ ਅਤੇ ਨਾਮ ਦੀ ਕੀਤੀ ਜਾ ਰਹੀ ਸੀ ਵਰਤੋਂ, ਪੁਲਿਸ ਲੈ ਕੇ ਪਹੁੰਚਿਆ ਪਰਿਵਾਰ

ਨਾਭਾ ਤੋਂ ਬਾਅਦ ਪਟਿਆਲਾ ਜੇਲ੍ਹ ‘ਚ ਵੀ ਫੈਲਿਆ ਕਾਲਾ ਪੀਲੀਆ, ਪੜ੍ਹੋ ਪੂਰੀ ਖ਼ਬਰ