ਕੋਟਕਪੂਰਾ, 11 ਨਵੰਬਰ 2022 – ਕੋਟਕਪੂਰਾ ‘ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਪਰਿਵਾਰ ਨੇ ਉਸ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੇ ਇਨਸਾਫ਼ ਮਿਲਣ ਤੱਕ ਸਸਕਾਰ ਨਾ ਕਰਨ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਪੁਲਿਸ ਪ੍ਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਡੇਰੇ ਦੀ ਕਮੇਟੀ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਪੀੜਤ ਪਰਿਵਾਰ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਪ੍ਰਤੀ ਭਾਰੀ ਗੁੱਸਾ ਹੈ।
ਮ੍ਰਿਤਕ ਪ੍ਰਦੀਪ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਹ ਅੰਤਿਮ ਸਸਕਾਰ ਨਹੀਂ ਕਰਨਗੇ। ਪਰਿਵਾਰ ਨੇ ਇਹ ਵੀ ਕਿਹਾ ਹੈ ਕਿ ਨਿਆਂ ਵਿੱਚ ਦੇਰੀ ਹੋਣ ਦੀ ਸੂਰਤ ਵਿੱਚ ਪ੍ਰਦੀਪ ਦੀ ਲਾਸ਼ ਨੂੰ ਚੁਰਾਹੇ ’ਤੇ ਰੱਖਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਡੇਰੇ ਦੇ ਸਮਰਥਕ ਹਰਚਰਨ ਸਿੰਘ ਨੇ ਕਿਹਾ ਕਿ ਡੇਰਾ ਹਮੇਸ਼ਾ ਪੈਰੋਕਾਰਾਂ ਦੇ ਨਾਲ ਹੈ ਅਤੇ ਸਥਾਨਕ ਕਮੇਟੀ ਵੀ ਪਰਿਵਾਰ ਦੇ ਫੈਸਲੇ ਦੇ ਨਾਲ ਹੈ।
ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਲਾਰੈਂਸ ਗੈਂਗ ਦੇ ਸ਼ੂਟਰਾਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵਿੱਚੋਂ 4 ਸ਼ੂਟਰ ਹਰਿਆਣਾ ਅਤੇ 2 ਸ਼ੂਟਰ ਫਰੀਦਕੋਟ ਦੇ ਦੱਸੇ ਜਾ ਰਹੇ ਹਨ। ਇਸ ਕਤਲੇਆਮ ਦੀ ਜਿੰਮੇਵਾਰੀ ਲਈ ਗੈਂਗਸਟਰ ਗੋਲਡੀ ਬਰਾੜ ਪਹਿਲਾਂ ਹੀ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਅਪਲੋਡ ਕਰ ਚੁੱਕਾ ਹੈ। ਪਰ ਹੁਣ ਤੱਕ ਪੰਜਾਬ ਪੁਲਿਸ ਦੇ ਅਧਿਕਾਰੀ ਇਸ ਮਾਮਲੇ ਵਿੱਚ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹਨ।
ਪੰਜਾਬ ਪੁਲਿਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਨੂੰ ਫੜਨ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ। ਪੁਲੀਸ ਟੀਮਾਂ ਨੇ ਫਰੀਦਕੋਟ, ਖਰੜ, ਬਲੌਂਗੀ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਇਸ ਤੋਂ ਇਲਾਵਾ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੇ ਰਿਕਾਰਡ ਸਮੇਤ ਜ਼ਮਾਨਤ ’ਤੇ ਰਿਹਾਅ ਹੋਏ ਕੈਦੀਆਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਕਾਤਲਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।
ਪੰਜਾਬ ਪੁਲਿਸ ਨੇ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪ੍ਰਦੀਪ ਸਿੰਘ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਇਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਸਥਾਨਕ ਨਾਮਚਰਚਾ ਘਰ ਵਿੱਚ ਰੱਖ ਦਿੱਤਾ ਅਤੇ ਇਨਸਾਫ਼ ਮਿਲਣ ਤੱਕ ਅੰਤਿਮ ਸੰਸਕਾਰ ਨਾ ਕਰਨ ਦੀ ਗੱਲ ਆਖੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਡੀਜੀਪੀ ਅਤੇ ਹੋਰਨਾਂ ਨੂੰ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ। ਪਰ ਪੰਜਾਬ ਪੁਲਿਸ ਵਿਭਾਗ ਦੇ ਸੀ.ਆਈ.ਡੀ ਵਿੰਗ ਅਤੇ ਮੁਖਬਰ ਸਿਸਟਮ ਨੂੰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ।