ਨਵੀਂ ਦਿੱਲੀ, 11 ਨਵੰਬਰ 2022 – T-20 ਵਰਲਡ ਕੱਪ ਦੇ Semi-Final ‘ਚ ਇੰਗਲੈਂਡ ਹੱਥੋਂ ਹਾਰ ਕੇ ਭਾਰਤ ਟੀ-20 ਵਿਸ਼ਵ ਕੱਪ ’ਚੋਂ ਬਾਹਰ ਹੋ ਗਿਆ ਹੈ। ਹਾਰ ਤੋਂ ਬਾਅਦ ਟੀਮ ਦੇ ਖਿਡਾਰੀ ਵੀ ਕਾਫੀ ਨਿਰਾਸ਼ ਹਨ। 10 ਨਵੰਬਰ ਨੂੰ ਹੋਈ ਦੂਜੇ ਸੈਮੀਫਾਈਨਲ ‘ਚ ਭਾਰਤ ਨੂੰ ਵੀਰਵਾਰ ਨੂੰ ਐਡੀਲੇਡ ‘ਚ ਇੰਗਲੈਂਡ ਹੱਥੋਂ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਟੀਮ ਦੇ ਕਿੰਗ ਵਿਰਾਟ ਕੋਹਲੀ ਨੇ ਟਵਿੱਟਰ ‘ਤੇ ਇੱਕ ਭਾਵੁਕ ਪੋਸਟ ਪਾਈ ਹੈ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਨੇ ਲਿਖਿਆ, “ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕੀਤੇ ਬਿਨਾਂ ਅਤੇ ਆਪਣੇ ਦਿਲ ਵਿੱਚ ਨਿਰਾਸ਼ਾ ਦੇ ਨਾਲ ਆਸਟਰੇਲੀਆ ਛੱਡ ਰਹੇ ਹਾਂ। ਪਰ ਇੱਕ ਟੀਮ ਦੇ ਰੂਪ ‘ਚ ਅਸੀਂ ਇਕੱਠੇ ਕਈ ਯਾਦਗਾਰ ਪਲ ਬਿਤਾਏ ਅਤੇ ਇਹ ਵੀ ਟੀਚਾ ਹੈ ਕਿ ਅਸੀਂ ਇੱਥੇ ਨਾਲੋਂ ਬਿਹਤਰ ਹੋਵਾਂਗੇ। ਪੂਰੇ ਟੂਰਨਾਮੈਂਟ ਦੌਰਾਨ ਸਾਡਾ ਸਮਰਥਨ ਕਰਨ ਲਈ ਵੱਡੀ ਗਿਣਤੀ ਵਿੱਚ ਸਟੇਡੀਅਮ ਵਿੱਚ ਪਹੁੰਚਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।”
ਕੋਹਲੀ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ ਛੇ ਪਾਰੀਆਂ ਵਿੱਚ 296 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਦੌਰਾਨ ਚਾਰ ਅਰਧ ਸੈਂਕੜੇ ਲਗਾਏ। ਕੋਹਲੀ ਨੇ ਵੀਰਵਾਰ ਨੂੰ ਇੰਗਲੈਂਡ ਖਿਲਾਫ ਖੇਡੇ ਗਏ ਮੈਚ ‘ਚ 50 ਦੌੜਾਂ ਬਣਾਈਆਂ। ਕੋਹਲੀ ਨੇ ਮੈਲਬੌਰਨ ‘ਚ ਖੇਡੇ ਗਏ ਪਹਿਲੇ ਮੈਚ ‘ਚ ਪਾਕਿਸਤਾਨ ਖਿਲਾਫ 82 ਦੌੜਾਂ ਦੀ ਯਾਦਗਾਰ ਪਾਰੀ ਖੇਡੀ ਸੀ।