- ਕੰਡਕਟਰ ਦੇ ਹੱਕ ਵਿਚ ਉਤਰੀ ਯੂਨੀਅਨ ਨੇ ਡਿਪੂ ਕੀਤਾ ਬੰਦ, ਫੂਕਿਆ ਪੁਤਲਾ
ਗੁਰਦਾਸਪੁਰ, 11 ਨਵੰਬਰ 2022 – ਨੌਕਰੀ ਤੋਂ ਕੱਢਿਆ ਗਿਆ ਬੱਸ ਕੰਡਕਟਰ ਆਪਣੀ ਨੌਕਰੀ ਬਹਾਲ ਕਰਨ ਦੀ ਮੰਗ ਨੂੰ ਲੈਕੇ ਪਿਛਲੇ 3 ਦਿਨਾਂ ਤੋਂ ਬਟਾਲਾ ਵਿਚ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਦੀ ਟੈਂਕੀ ਤੇ ਚੜਿਆ ਹੋਇਆ ਹੈ। ਉਕਤ ਕੰਡਕਟਰ ਦੇ ਹੱਕ ਵਿੱਚ ਰੋਡਵੇਜ ਯੂਨੀਅਨ ਵੀ ਉਤਰ ਆਈ ਹੈ। ਯੂਨੀਅਨ ਨੇ ਬਟਾਲਾ ਬੱਸ ਡਿਪੂ ਬੰਦ ਕਰਦੇ ਹੋਏ 100 ਬੱਸਾਂ ਦਾ ਚੱਕਾ ਰੋਕ ਕੇ ਬੱਸ ਡਿਪੂ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਅਤੇ ਰੋਡਵੇਜ ਅਧਿਕਾਰੀਆਂ ਦਾ ਪੁਤਲਾ ਫੂਕਿਆ ਤੇ ਜਮ ਕੇ ਨਾਰੇਬਾਜੀ ਕੀਤੀ ।
ਪ੍ਰਦਰਸ਼ਨਕਾਰੀਆਂ ਪਨਬਸ ਮੁਲਾਜ਼ਮਾਂ ਨੇ ਕਿਹਾ ਕਿ ਸਾਡੇ ਕੰਡਕਟਰ ਪ੍ਰਿਥੀਪਾਲ ਸਿੰਘ ਦਾ ਕੋਈ ਕਸੂਰ ਨਹੀਂ ਹੈ। ਉਸਨੇ ਸਾਰੀ ਬੱਸ ਦੀਆਂ ਸਵਾਰੀਆਂ ਦੀਆਂ ਟਿਕਟਾਂ ਕੱਟੀਆਂ ਪਰ ਇੱਕ ਸਵਾਰੀ ਕਿਸੇ ਕਾਰਨ ਰਹਿ ਗਈ ।ਉਸੇ ਸਮੇਂ ਚੈਕਰ ਆ ਗਏ ਤੇ ਉਹਨਾਂ ਜਦੋਂ ਚੈੱਕ ਕੀਤਾ ਤਾਂ ਇੱਕ ਸਵਾਰੀ ਬਿਨਾਂ ਟਿਕਟ ਦੇ ਸੀ। ਚੈੱਕਰਾਂ ਨੇ ਸਵਾਰੀ ਨੂੰ ਜ਼ੁਰਮਾਨਾ ਕਰਨ ਦੀ ਬਜਾਏ ਸਾਡੇ ਕੰਡਕਟਰ ਨੂੰ ਡਿਸ ਮਿਸ ਕਰ ਦਿਤਾ ਹੈ ਜੋ ਗਲਤ ਹੈ।
ਕੰਡਕਟਰ ਦਾ ਕੋਈ ਕਸੂਰ ਨਹੀਂ ਸਗੋਂ ਬਿਨਾ ਟਿਕਟ ਸਵਾਰੀ ਨੇ ਆਪਣਾ ਖੁਦ ਦਾ ਕਸੂਰ ਮੰਨਿਆ ਤੇ ਜ਼ੁਰਮਾਨੇ ਦੇ ਲਈ ਵੀ ਤਿਆਰ ਸੀ ਪਰ ਸਾਡੇ ਹੀ ਮਹਿਕਮੇ ਦੇ ਚੈੱਕਰਾਂ ਨੇ ਸਰਾਸਰ ਗਲਤ ਕੀਤਾ ਹੈ। ਜਿਸ ਦੇ ਵਿਰੋਧ ਵਿਚ ਸਾਡਾ ਕੰਡਕਟਰ ਦੁਖੀ ਹੋਕੇ ਪੈਟਰੋਲ ਲੈਕੇ ਟੈਂਕੀ ਤੇ ਚੜ ਗਿਆ ਹੈ। ਅਸੀਂ ਬਹੁਤ ਸਮਝਾ ਰਹੇ ਹਾਂ ਪਰ ਉਹ ਥੱਲੇ ਨਹੀਂ ਆ ਰਿਹਾ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਮੌਕੇ ਤੇ ਆ ਕੇ ਉਸਦੀ ਸਾਰ ਲਈ ਹੈ। ਜਦੋਂ ਤਕ ਹੁਣ ਸਾਡੇ ਕੰਡਕਟਰ ਸਾਥੀ ਨੂੰ ਇਨਸਾਫ ਨਹੀਂ ਮਿਲੇਗਾ ਉਦੋਂ ਤਕ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਬਟਾਲਾ ਬੱਸ ਡਿਪੂ ਵੀ ਬੰਦ ਰਹੇਗਾ।
ਓਧਰ ਇਨਸਾਫ ਲੈਣ ਲਈ ਪਿਛਲੇ ਤਿੰਨ ਦਿਨ ਤੋਂ ਪਾਣੀ ਵਾਲੀ ਟੈਂਕੀ ਤੇ ਚੜੇ ਕੰਡਕਟਰ ਪ੍ਰਿਥੀਪਾਲ ਸਿੰਘ ਨੇ ਕਿਹਾ ਕੇ ਮੇਰੇ ਨਾਲ ਸਰਾਸਰ ਗਲਤ ਕੀਤਾ ਗਿਆ ਹੈ ਜਦ ਤਕ ਉਸਨੂੰ ਇਨਸਾਫ ਨਹੀਂ ਮਿਲਦਾ ਓਦੋਂ ਤਕ ਉਹ ਟੈਂਕੀ ਤੋਂ ਥੱਲੇ ਨਹੀਂ ਉਤਰੇਗਾ ਉਸਨੇ ਕਿਹਾ ਕਿ ਅਗਰ ਇਸ ਦੌਰਾਨ ਮੇਰੀ ਜਾਨ ਚਲੇ ਗਈ ਤਾਂ ਉਸਦੇ ਜਿੰਮੇਵਾਰ ਹੁਣ ਸਰਕਾਰ ਅਤੇ ਰੋਡੇਵਜ ਦੇ ਅਧਿਕਾਰੀ ਹੋਣਗੇ ਮੇਰੀ ਨੋਕਰੀ ਤਾਂ ਚਲੀ ਗਈ ਹੈ ਹੁਣ ਮੈਂ ਜੀ ਕੇ ਵੀ ਕੀ ਕਰਾਂਗਾ।