- ਔਰਤ ਨੂੰ 1 ਲੱਖ ਦਾ ਜੁਰਮਾਨਾ
ਚੰਡੀਗੜ੍ਹ, 16 ਨਵੰਬਰ 2022 – ਚੰਡੀਗੜ੍ਹ, ਸੈਕਟਰ-43 ਦੀ ਅਦਾਲਤ ਨੇ ਇਕ ਨੌਜਵਾਨ ਅਤੇ ਇਕ ਔਰਤ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਦੋਵਾਂ ‘ਤੇ ਜੁਰਮਾਨਾ ਵੀ ਲਗਾਇਆ ਗਿਆ ਹੈ। ਹਾਲਾਂਕਿ ਇਹ ਦੋਵੇਂ ਮਾਮਲੇ ਵੱਖਰੇ ਹਨ।
ਪਹਿਲੇ ਮਾਮਲੇ ‘ਚ ਚੰਡੀਗੜ੍ਹ ਦੇ ਸੈਕਟਰ-56 ‘ਚ ਇਕ ਲੜਕੀ ਨਾਲ ਰਹਿੰਦੇ ਪੰਜਾਬ ਦੇ 25 ਸਾਲਾ ਵਿਅਕਤੀ ਨੇ ਉਸ ਨੂੰ ਗਰਭਵਤੀ ਕਰ ਦਿੱਤਾ ਅਤੇ ਬਾਅਦ ‘ਚ ਉਸ ਨੂੰ ਛੱਡ ਦਿੱਤਾ। ਇਸ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਉਸ ‘ਤੇ 20,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਕੇਸ ਦੀ ਸੁਣਵਾਈ ਫਾਸਟ ਟਰੈਕ ਵਿਸ਼ੇਸ਼ ਅਦਾਲਤ ਦੀ ਜੱਜ ਸਵਾਤੀ ਸਹਿਗਲ ਦੀ ਅਦਾਲਤ ਵਿੱਚ ਚੱਲ ਰਹੀ ਸੀ। ਦੋਸ਼ੀ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦਾ 25 ਸਾਲਾ ਪ੍ਰਭਦੀਪ ਹੈ।
ਪੁਲੀਸ ਕੋਲ ਦਰਜ ਹੋਏ ਕੇਸ ਅਨੁਸਾਰ ਪੁਲੀਸ ਨੇ 29 ਜੁਲਾਈ 2019 ਨੂੰ ਪੀੜਤਾ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਸੀ। ਪੀੜਤ ਵੀ ਮੂਲ ਰੂਪ ਵਿੱਚ ਪੰਜਾਬ ਦੀ ਰਹਿਣ ਵਾਲੀ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਅਤੇ ਪ੍ਰਭਦੀਪ ਦੋਵੇਂ ਖਰੜ ਸਥਿਤ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ। ਉੱਥੇ ਦੋਨਾਂ ਦੀ ਦੋਸਤੀ ਹੋ ਗਈ ਅਤੇ ਇਸ ਤੋਂ ਬਾਅਦ ਦੋਵੇਂ ਸੈਕਟਰ-56 ‘ਚ ਇਕੱਠੇ ਰਹਿਣ ਲੱਗੇ। ਵਿਆਹ ਦੇ ਬਹਾਨੇ ਪ੍ਰਭਦੀਪ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸਨੇ ਉਸਨੂੰ ਛੱਡ ਦਿੱਤਾ। ਇਸ ‘ਤੇ ਪੀੜਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਮਗਰੋਂ ਪੁਲੀਸ ਨੇ ਕੇਸ ਦਰਜ ਕਰਕੇ ਪ੍ਰਭਦੀਪ ਨੂੰ ਗ੍ਰਿਫ਼ਤਾਰ ਕਰ ਲਿਆ।
ਦੂਜੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਪਾਬੰਦੀਸ਼ੁਦਾ ਨਸ਼ੀਲੇ ਟੀਕਿਆਂ ਦੇ ਨਾਲ ਗ੍ਰਿਫ਼ਤਾਰ ਔਰਤ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਸੈਕਟਰ-38 ਦੀ ਰਹਿਣ ਵਾਲੀ ਦੋਸ਼ੀ ਔਰਤ ਗੀਤਾ ‘ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਪੁਲੀਸ ਕੋਲ ਦਰਜ ਕੇਸ ਅਨੁਸਾਰ 12 ਜੂਨ 2018 ਨੂੰ ਸੈਕਟਰ-39 ਥਾਣੇ ਦੀ ਪੁਲੀਸ ਨੇ ਸੈਕਟਰ-39 ਜੀਰੀ ਮੰਡੀ ਚੌਕ ਨੇੜਿਓਂ ਔਰਤ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸਦੇ ਹੱਥ ਵਿੱਚ ਇੱਕ ਪੀਲਾ ਲਿਫਾਫਾ ਸੀ। ਲਿਫਾਫੇ ਦੀ ਤਲਾਸ਼ੀ ਲੈਣ ‘ਤੇ ਉਸ ‘ਚੋਂ 22 ਪਾਬੰਦੀਸ਼ੁਦਾ ਟੀਕੇ ਬਰਾਮਦ ਹੋਏ। ਸੈਕਟਰ-39 ਥਾਣੇ ਦੀ ਪੁਲੀਸ ਨੇ ਗੀਤਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ।