- ਕਿਹਾ, ਭਾਜਪਾ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੀਤੀ ਜਾ ਰਹੀ ਵਿਅਰਥ ਕੋਸ਼ਿਸ਼
- ਗੁਜਰਾਤ ਚੋਣਾਂ ‘ਚ ਹਾਰ ਸਾਹਮਣੇ ਦੇਖ ਬੇਚੈਨ ਭਾਜਪਾ ਕਰ ਰਹੀ ਘਟੀਆ ਰਾਜਨੀਤੀ: ਮੀਤ ਹੇਅਰ
- ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਰਕਰਾਰ ਅਤੇ ਭਾਜਪਾ ਸ਼ਾਸਤ ਰਾਜਾਂ ਨਾਲੋਂ ਕਿਤੇ ਬਿਹਤਰ: ਆਪ ਮੰਤਰੀ
ਚੰਡੀਗੜ੍ਹ, 16 ਨਵੰਬਰ 2022 – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਦਿੱਤੇ ਬੇਬੁਨਿਆਦ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਇਹ ਭਾਜਪਾ ਵੱਲੋਂ ਪੰਜਾਬ ਦੇ ਅਕਸ ਨੂੰ ਖ਼ਰਾਬ ਕਰਕੇ ਗੁਜਰਾਤ ਚੋਣਾਂ ‘ਚ ਸਿਆਸੀ ਲਾਹਾ ਲੈਣ ਲਈ ਕੀਤੀ ਜਾ ਰਹੀ ਘਟੀਆ ਅਤੇ ਵਿਅਰਥ ਕੋਸ਼ਿਸ਼ ਹੈ।
ਬੁੱਧਵਾਰ ਨੂੰ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਭਾਜਪਾ ਗੁਜਰਾਤ ਵਿੱਚ ‘ਆਪ’ ਦੀ ਵੱਧ ਰਹੀ ਲੋਕਪ੍ਰਿਅਤਾ ਤੋਂ ਬੇਚੈਨ ਹੈ ਅਤੇ ਉਹ ਗੁਜਰਾਤ ਚੋਣਾਂ ਵਿੱਚ ਸਾਹਮਣੇ ਦਿਖ ਰਹੀ ਹਾਰ ਤੋਂ ਬਚਣ ਲਈ ਸਸਤੇ ਅਤੇ ਕੋਝੇ ਹੱਥਕੰਡੇ ਅਪਨਾ ਰਹੀ ਹੈ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਭਾਜਪਾ ਦੇ ਸ਼ਾਸਕ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਅਪਰਾਧ ਦੀ ਦਰ ਕਿਤੇ ਘੱਟ ਹੈ।
ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਨਕਾਰਦਿਆਂ ਪੰਜਾਬ ਕੈਬਿਨਟ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਮਾਫੀਆ ਤੇ ਗੈਂਗਸਟਰ ਕਲਚਰ ਦੇ ਖਾਤਮੇ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ, ਜਿਨ੍ਹਾਂ ਨੂੰ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਆਪਣੇ ਸ਼ਾਸਨ ਦੌਰਾਨ ਪੁਸ਼ਤਪਨਾਹੀ ਦਿੱਤੀ। ਇਸ ਮੁਹਿੰਮ ਤਹਿਤ ਸੂਬੇ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 402 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 363 ਹਥਿਆਰ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਨੇ ਭਾਜਪਾ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਪੰਜਾਬ ਦੀ ‘ਆਪ’ ਸਰਕਾਰ ਵਿਰੁੱਧ ਭੱਦੀ ਮੁਹਿੰਮ ਨਾ ਚਲਾਉਣ ਲਈ ਸੁਚੇਤ ਕਰਦਿਆਂ ਕਿਹਾ ਕਿ 2018 ਤੋਂ 2021 ਤੱਕ ਦੇਸ਼ ‘ਚ ਹਿੰਸਾ ਦੇ ਮਾਮਲਿਆਂ ਨਾਲ ਸਬੰਧਤ ਐਨਸੀਆਰਬੀ ਦੀ ਰਿਪੋਰਟ ਅਨੁਸਾਰ ਪੰਜਾਬ ਗੰਨ ਅਤੇ ਵਿਸਫੋਟ ਨਾਲ ਜੁੜੀ ਹਿੰਸਾ ਦੇ ਮਾਮਲਿਆਂ ਦੀ ਗਿਣਤੀ ਵਿੱਚ 15ਵੇਂ ਸਥਾਨ ‘ਤੇ ਹੈ ਅਤੇ ਹਰਿਆਣਾ ਅਤੇ ਰਾਜਸਥਾਨ ਨਾਲੋਂ ਕਿਤੇ ਬਿਹਤਰ ਸਥਿਤੀ ‘ਚ ਹੈ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇਸ਼ ਵਿੱਚ ਸਭ ਤੋਂ ਵੱਧ ਬੰਦੂਕ ਹਿੰਸਾ ਦੇ ਕੇਸਾਂ ਵਾਲੇ ਤਿੰਨ ਰਾਜਾਂ ਵਿੱਚ ਹਨ। 2018 ਤੋਂ 2021 ਤੱਕ ਉੱਤਰ ਪ੍ਰਦੇਸ਼ ਵਿੱਚ ਇਸ ਸੰਬੰਧ ‘ਚ 134958, ਮੱਧ ਪ੍ਰਦੇਸ਼ ਵਿੱਚ 57653 ਅਤੇ ਰਾਜਸਥਾਨ ਵਿੱਚ 27193 ਮਾਮਲੇ ਦਰਜ ਕੀਤੇ ਗਏ। ਜਦੋਂ ਕਿ ਪੰਜਾਬ ਵਿੱਚ ਬੰਦੂਕ ਹਿੰਸਾ ਦੇ ਸਿਰਫ 1820 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਹਰਿਆਣਾ ਵਿੱਚ ਇਸ ਸਮੇਂ ਦੌਰਾਨ ਬੰਦੂਕ ਹਿੰਸਾ ਦੇ 8759 ਮਾਮਲੇ ਸਾਹਮਣੇ ਆਏ ਹਨ। ਇੱਥੋਂ ਤੱਕ ਕਿ ਭਾਜਪਾ ਸ਼ਾਸਤ ਰਾਜਾਂ ਵਿੱਚ ਔਰਤਾਂ ਪ੍ਰਤੀ ਅਪਰਾਧ ਦੇ ਮਾਮਲੇ ਵੀ ਵਧੇਰੇ ਹਨ।
ਪਿਛਲੇ ਚਾਰ ਸਾਲਾਂ ਵਿੱਚ ਹਰਿਆਣਾ ਵਿੱਚ ਗੰਨ ਹਿੰਸਾ ਦੇ ਮਾਮਲੇ ਪੰਜਾਬ ਨਾਲੋਂ 5 ਗੁਣਾ ਤੇਜ਼ੀ ਨਾਲ ਵੱਧ ਰਹੇ ਹਨ। ਮੀਤ ਹੇਅਰ ਨੇ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਕਈ ਹਰਿਆਣਵੀ ਗੀਤਾਂ ਵਿਚ ਗਾਇਕ ਬੰਦੂਕਾਂ ਅਤੇ ਪਿਸਤੌਲਾਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਪੰਜਾਬ ਨੂੰ ਗੰਨ ਸੱਭਿਆਚਾਰ ਫੈਲਾਉਣ ਲਈ ਨਿਸ਼ਾਨੇ ‘ਤੇ ਲਿਆ ਜਾਂਦਾ ਹੈ ਅਤੇ ਕੇਂਦਰੀ ਮੰਤਰੀ ਨੇ ਹਰਿਆਣਾ ਵਿਰੁੱਧ ਇਕ ਵੀ ਸ਼ਬਦ ਨਹੀਂ ਬੋਲਿਆ।
ਵਿਰੋਧੀ ਧਿਰ ‘ਤੇ ਹਮਲਾ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਜਦੋਂ 2012 ‘ਚ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਬਣੀ ਤਾਂ ਇਕ ਸਾਲ ‘ਚ 855 ਤੋਂ ਵੱਧ ਕਤਲ ਹੋਏ। ਭਾਜਪਾ ਦੇ ਲੋਕ ‘ਆਪ’ ਪਾਰਟੀ ਨੂੰ ਬਦਨਾਮ ਕਰਕੇ ਗੁਜਰਾਤ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।